ਖੀਵਾ ਕਲਾਂ ’ਚ ਭਾਕਿਯੂ ਏਕਤਾ ਡਕੌਂਦਾ ਦੀ ਮੁੜ ਹੋਈ ਚੋਣ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ
Publish Date: Sun, 15 Feb 2026 06:11 PM (IST)
Updated Date: Mon, 16 Feb 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੀਖੀ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਭੀਖੀ ਬਲਾਕ ਦੇ ਪਿੰਡ ਖੀਵਾ ਕਲਾਂ ’ਚ ਬਲਾਕ ਪ੍ਰਧਾਨ ਬਾਵਾ ਸਿੰਘ ਖੀਵਾ ਕਲਾਂ ਦੀ ਅਗਵਾਈ ਵਿੱਚ ਮੋਦੀ ਸਰਕਾਰ ਵੱਲੋਂ ਭੇਜੇ ਬਿਜਲੀ ਸੋਧ ਬਿਲ 2025, ਬੀਜ ਬਿਲ 2025, ਚਾਰ ਲੇਬਰ ਕੋਡ ਤੇ ਇੰਡੋ-ਅਮਰੀਕਾ ਵਪਾਰਕ ਸਮਝੌਤੇ ਦੇ ਵਿਰੋਧ ਵਿੱਚ ਰੈਲੀ ਕਰਵਾਈ। ਇਸ ਮੌਕੇ ਪਿੰਡ ਕਮੇਟੀ ਦੀ ਨਵੇਂ ਸਿਰੇ ਤੋਂ ਚੋਣ ਕਰਵਾਈ ਗਈ। ਚੁਣੀ ਹੋਈ ਕਮੇਟੀ ਦੇ ਪ੍ਰਧਾਨ ਗਮਦੂਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜਾ ਸਿੰਘ, ਮੀਤ ਪ੍ਰਧਾਨ ਕਰਨੈਲ ਸਿੰਘ, ਖ਼ਜ਼ਾਚੀ ਗੁਰਵਿੰਦਰ ਸਿੰਘ ਗੋਰਾ, ਜਨਰਲ ਸਕੱਤਰ ਜਗਸੀਰ ਸਿੰਘ, ਸਹਾਇਕ ਖ਼ਜ਼ਾਨਚੀ ਦਰਸ਼ਨ ਸਿੰਘ, ਸੰਗਠਨ ਸਕੱਤਰ ਅਮਰੀਕ ਸਿੰਘ ਅਤੇ ਕਮੇਟੀ ਮੈਂਬਰ ਗੁਰਜੀਤ ਸਿੰਘ, ਸਰਬਾ ਸਿੰਘ, ਹਰਜਿੰਦਰ ਸਿੰਘ, ਭਗਵਾਨ ਸਿੰਘ, ਰਾਮ ਸਿੰਘ, ਗੁਰਨਾਮ ਸਿੰਘ, ਰਾਜਵਿੰਦਰ ਸਿੰਘ, ਵਿਸਾਖਾ ਸਿੰਘ, ਨਿਰਮਲ ਸਿੰਘ, ਤੇਜ ਸਿੰਘ, ਸੀਤਾ ਸਿੰਘ ਤੇ ਭੋਲਾ ਸਿੰਘ ਚੁਣੇ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਖੇਤੀ ਤੇ ਡਾਇਰੀ ਧੰਦੇ ਨੂੰ ਸਾਮਰਾਜੀ ਮੁਲਕਾਂ ਦੀਆਂ ਮਲਟੀ ਨੈਸ਼ਨਲ ਕੰਪਨੀਆਂ ਦੇ ਕਬਜ਼ੇ ਵਿੱਚ ਦੇਣ ਦਾ ਇਕ ਰਾਹ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨ, ਮਜ਼ਦੂਰ, ਦੁਕਾਨਦਾਰ, ਮੁਲਾਜ਼ਮ ਤੇ ਵਪਾਰੀ ਵਰਗ ‘ਤੇ ਕੀਤੇ ਜਾ ਰਹੇ ਹਮਲਿਆਂ ਨੂੰ ਮੋੜਾ ਦੇਣ ਲਈ ਜਥੇਬੰਦਕ ਹੋਣਾ ਅਹਿਮ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ 17 ਫਰਵਰੀ ਨੂੰ ਡੇਰਾ ਜੋਗੀਪੀਰ ਵਿਖੇ ਜਥੇਬੰਦੀ ਵੱਲੋਂ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਿੱਖਿਅਤ ਮੀਟਿੰਗ ਕਰਵਾਈ ਜਾ ਰਹੀ ਹੈ, ਜਿਸ ਵਿੱਚ ਸੂਬੇ ਦੇ ਆਗੂ ਪਹੁੰਚ ਰਹੇ ਹਨ। ਮੀਟਿੰਗ ’ਚ ਵੱਡੇ ਪੱਧਰ ’ਤੇ ਕਿਰਤੀ ਲੋਕ ਸ਼ਮੂਲੀਅਤ ਕਰਨਗੇ। ਇਸ ਮੌਕੇ ਚੁਣੀ ਹੋਈ ਕਮੇਟੀ ਵੱਲੋਂ ਵੀ ਜਥੇਬੰਦੀਆਂ ਦੇ ਹਰ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।