ਖਿਆਲਾ ਕਲਾਂ ਹਸਪਤਾਲ ਨੂੰ ਟਰੌਮਾ ਸੈਂਟਰ ਬਣਾਏ ਜਾਣ ਦੀ ਗੂੰਜ ਪੰਡਾਲ ’ਚ ਗੂੰਜੀ ਸਿਹਤ ਸਹੂਲਤਾਂ ਵਿੱਚ
Publish Date: Sun, 16 Aug 2026 07:44 PM (IST)
Updated Date: Mon, 17 Aug 2026 04:09 AM (IST)
ਵਿਧਾਇਕ ਸਿੰਗਲਾ ਨੇ ਇਕੱਠ ‘ਚ ਪੁੱਜ ਕੇ ਇੱਕ ਮਹੀਨੇ ‘ਚ ਮੰਗ ਪੂਰੀ ਕਰਨ ਦਾ ਮੰਗਿਆ ਸਮਾਂ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਸਿਹਤ ਸਹੂਲਤਾਂ ਵਿੱਚ ਬੁਰੀ ਤਰ੍ਹਾਂ ਪੱਛੜੇ ਜ਼ਿਲ੍ਹਾ ਮਾਨਸਾ ਦੇ ਹਰ ਨਾਗਰਿਕ ਨੂੰ ਪਾਏਦਾਰ ਸਰਕਾਰੀ ਸਿਹਤ ਸਹੂਲਤਾਂ ਦੇਣ ਦੀ ਮੰਗ ਨੂੰ ਲੈ ਕੇ ਅੱਜ ਜ਼ਿਲ੍ਹਾ ਭਰ ਦੇ ਹਜ਼ਾਰਾਂ ਲੋਕਾਂ ਦੇ ਵਿਸ਼ਾਲ ਇਕੱਠ ਨੇ ਖਿਆਲਾ ਕਲਾਂ ਦੇ ਕਮਿਉਨਿਟੀ ਹੈਲਥ ਸੈਂਟਰ ਨੂੰ ਟਰੋਮਾ ਸੈਂਟਰ ਵਿੱਚ ਪਦ ਉੱਨਤ ਕਰਨ ਦੀ ਮੰਗ ਕੀਤੀ। ਹਸਪਤਾਲ ਸੰਘਰਸ਼ ਕਮੇਟੀ ਦੇ ਆਗੂ ਹੰਸ ਰਾਜ ਮੋਫ਼ਰ, ਬਿੱਕਰ ਸਿੰਘ ਖਿਆਲਾ, ਧੰਨਾ ਮੱਲ ਗੋਇਲ਼ ਅਤੇ ਕੇਵਲ ਸਿੰਘ ਸਰਾਂ ਦੇ ਸੱਦੇ ‘ਤੇ ਪੁੱਜੇ ਵੱਡੀ ਗਿਣਤੀ ਲੋਕਾਂ ਨੂੰ ਵੱਖ-ਵੱਖ ਪਾਰਟੀਆਂ, ਕਿਸਾਨ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਾਡੇ ਜ਼ਿਲ੍ਹੇ ਦੇ ਤਿੰਨੇ ਵਿਧਾਇਕ ਬਹੁਤ ਪੜ੍ਹੇ ਲਿਖੇ ਤੇ ਰਾਜ ਕਰਦੀ ਪਾਰਟੀ ਨਾਲ ਸਬੰਧਤ ਹਨ। ਫ਼ਿਰ ਸਾਡੇ ਜ਼ਿਲ੍ਹੇ ਨਾਲ ਬੇਇਨਸਾਫ਼ੀ ਕਿਉਂ? ਇਕੱਠ ਦੀ ਵਿਸ਼ੇਸ਼ਤਾ ਇਹ ਸੀ ਕਿ ਰਾਜ ਕਰਦੀ ਪਾਰਟੀ ਸਮੇਤ ਕਾਂਗਰਸ, ਅਕਾਲੀ ਦਲ, ਕਮਿਉਨਿਸਟ, ਭਾਜਪਾ, ਬਸਪਾ, ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਇੱਕੋ ਪੰਡਾਲ ਵਿੱਚ ਨਾਲ ਨਾਲ ਨਾਲ ਬੈਠੇ। ਸਮਾਗਮ ਦੀ ਹੋਰ ਵਿਸ਼ੇਸ਼ਤਾ ਇਹ ਵੀ ਸੀ ਕਿ ਬੁਲਾਰਿਆਂ ਨੇ ਦੂਸਰੀਆਂ ਪਾਰਟੀਆਂ ਨੂੰ ਭੰਡਣ ਦੀ ਥਾਂ ਸਿਰਫ਼ ਸਿਹਤ ਸਹੂਲਤਾਂ ਹੀ ਮੰਗੀਆਂ। ਬੁਲਾਰਿਆਂ ਕਿਹਾ ਕਿ 1974 ‘ਚ ਬਣਿਆ ਇਹ ਹਸਪਤਾਲ 52 ਸਾਲਾਂ ਬਾਅਦ ਵੀ ਪਦ ਉੱਨਤ ਨਹੀਂ ਕੀਤਾ ਗਿਆ। ਉਨ੍ਹਾਂ ਵਾਰ ਵਾਰ ਬਦਲੀਆਂ ਸਰਕਾਰਾਂ ਨਾਲ ਗਿਲਾ ਕਰਦਿਆਂ ਕਿਹਾ ਪੂਰੇ ਮਾਨਸਾ ਜਿਲ੍ਹੇ ਨੂੰ ਇੱਕ ਵੀ ਚੰਗਾ ਹਸਪਤਾਲ ਨਹੀਂ ਦਿੱਤਾ । ਇੱਕ ਪਾਸੇ ਚੀਮੇ ਤੋਂ ਲੈ ਕੇ ਕੋਟ ਸ਼ਮੀਰ ਤੱਕ, ਦੂਸਰੇ ਪਾਸੇ ਸਰਦੂਲਗੜ੍ਹ ਤੋਂ ਲੈ ਕੇ ਪੱਖੋ ਤੱਕ ਇੱਕ ਵੀ ਐਸਾ ਸਰਕਾਰੀ ਹਸਪਤਾਲ ਨਹੀਂ ਜਿਹੜਾ ਸੜਕ ਹਾਦਸੇ ਜਾਂ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਵਿਆਕਤੀਆਂ ਨੂੰ ਬਚਾਅ ਸਕਦਾ ਹੋਵੇ। ਉਨ੍ਹਾਂ ਕਿਹਾ ਐਮਰਜੈਂਸੀ ਸਿਹਤ ਸਹੂਲਤਾਂ ਦੀ ਘਾਟ ਕਾਰਨ ਹੁਣ ਤੱਕ ਹਜਾਰਾਂ ਲੋਕ ਬੇਵਕਤੀ ਮੌਤ ਦੇ ਮੂੰਹ ਜਾ ਡਿੱਗੇ ਹਨ। ਆਗੂਆਂ ਕਿਹਾ ਇੱਕ ਪਾਸੇ ਸਰਕਾਰਾਂ ਥਾਂ ਦੀ ਘਾਟ ਦਾ ਬਹਾਨਾ ਲਾ ਕੇ ਟਾਲਾ ਵੱਟ ਜਾਂਦੀਆਂ ਹਨ ਪਰ ਖਿਆਲਾ ਕਲਾਂ ਦੇ ਹਸਪਤਾਲ ਕੋਲ ਨੈਸ਼ਨਲ ਹਾਈਵੇ ‘ਤੇ ਕਰੋੜਾਂ ਰੁਪਏ ਦੀ ਕੀਮਤ ਵਾਲੀ 9 ਏਕੜ ਜਗ੍ਹਾ ਦੇ ਬਾਵਜੂਦ ਵੀ ਵੱਡਾ ਹਸਪਤਾਲ ਨਹੀਂ ਬਣਾਇਆ ਗਿਆ। ਆਗੂਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੀ ਇਹ ਤ੍ਰਾਸਦੀ ਰਹੀ ਹੈ ਕਿ ਕੋਈ ਚੰਗਾ ਸਰਕਾਰੀ ਹਸਪਤਾਲ ਨਾ ਹੋਣ ਕਰਕੇ 90 ਫ਼ੀਸਦੀ ਮਰੀਜ਼ਾਂ ਨੂੰ ਪਟਿਆਲਾ ਜਾਂ ਲੁਧਿਆਣਾ ਲਈ ਰੈਫ਼ਰ ਕੀਤਾ ਜਾਂਦਾ ਹੈ, ਜਿੰਨ੍ਹਾਂ ਵਿੱਚੋਂ ਵੱਡੀ ਗਿਣਤੀ ਗੰਭੀਰ ਮਰੀਜ਼ ਰਸਤੇ ਵਿੱਚ ਹੀ ਪੂਰ੍ਹੇ ਹੋ ਜਾਂਦੇ ਹਨ। ਵੱਡੇ ਇਕੱਠ ਦੀ ਅਵਾਜ਼ ਬਣਦਿਆਂ ਸੰਘਰਸ਼ ਕਮੇਟੀ ਨੇ ਐਲਾਨ ਕੀਤਾ। ਜੇਕਰ ਜਲਦੀ ਨਾਲ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਤਾਂ ਉਹ ਪੱਕਾ ਧਰਨਾ ਲਗਾ ਕੇ ਤਿੱਖਾ ਸੰਘਰਸ਼ ਵਿੱਢਣਗੇ। ਜਨਤਕ ਇਕੱਠ ਨੇ ਦੋਵੇਂ ਹੱਥ ਖੜ੍ਹੇ ਕਰਕੇ ਕਮੇਟੀ ਦਾ ਸਾਥ ਦਿੰਦਿਆਂ ਹਰ ਮੱਦਦ ਦੇਣ ਦਾ ਵਾਅਦਾ ਕੀਤਾ। 70 ਦੇ ਕਰੀਬ ਬੁਲਾਰਿਆਂ ਸਮੇਤ ਇਸ ਮੌਕੇ ਰਾਮਫਲ ਚੱਕ ਅਲੀਸ਼ੇਰ, ਗੁਰਪ੍ਰੀਤ ਵਿੱਕੀ, ਪ੍ਰੇਮ ਅਰੋੜਾ, ਗੁਰਜੰਟ ਸਿੰਘ ਮਾਨਸਾ , ਕੁਲਵਿੰਦਰ ਉੱਡਤ, ਅਰਵਿੰਦਰ ਕੌਰ, ਸੱਤਪਾਲ ਰਿਸ਼ੀ, ਮਾਨਕ ਗੋਇਲ, ਸਵਰਨ ਗੋਰੀਆ, ਸੁਖਵਿੰਦਰ ਸੁੱਖੀ, ਗੁਰਪ੍ਰੀਤ ਭੰਮੇ, ਕ੍ਰਿਸ਼ਨ ਚੌਹਾਨ, ਬੱਬੀ ਦਾਨੇਵਾਲੀਆ, ਕੁਲਵੰਤ ਸਿੰਗਲਾ, ਭੋਲਾ ਸਮਾਓ , ਐਡਵੋਕੇਟ ਲੱਖਨਪਾਲ, ਪਵਨ ਫੱਤਾ , ਕੁਲਦੀਪ ਸਿੰਘ, ਸੁਖਵਿੰਦਰ ਔਲਖ, ਅਮਨ ਢੈਪਈ, ਸੁਖਮੰਦਰ ਸਿੰਘ, ਡਾਕਟਰ ਜਨਕ ਸਿੰਗਲਾ, ਡਾਕਟਰ ਸਿੱਧੂ, ਜਸਵੰਤ ਮਾਨਸਾ , ਬਲਵਿੰਦਰ ਕੌਰ , ਸੰਦੀਪ ਘੰਡ, ਰਾਜਵਿੰਦਰ ਰਾਣਾ , ਭਗਵੰਤ ਸਮਾਓਂ ਨੇ ਸੰਬੋਧਨ ਕੀਤਾ। ਇਸ ਦੌਰਾਨ ਹੀ ਮੌਜੂਦਾ ਵਿਧਾਇਕ ਡਾਕਟਰ ਵਿਜੈ ਸਿੰਗਲਾ ਅਚਾਨਕ ਲੋਕਾਂ ਦੇ ਇਕੱਠ ਵਿੱਚ ਪੁੱਜੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਟਰੋਮਾ ਸੈਂਟਰ ਬਣਾਏ ਜਾਣ ਦੀ ਮੰਗ ਬਿਲਕੁਲ ਜਾਇਜ਼ ਹੈ। ਭਰੇ ਹੋਏ ਪੰਡਾਲ ਤੋਂ ਇੱਕ ਮਹੀਨੇ ਦਾ ਸਮਾਂ ਮੰਗਦਿਆਂ ਉਨ੍ਹਾਂ ਐਲਾਨ ਕੀਤਾ ਕਿ ਉਹ ਜਲਦੀ ਹੀ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਮਿਲਕੇ ਖਿਆਲਾ ਕਲਾਂ ਹਸਪਤਾਲ ਨੂੰ ਟਰੋਮਾ ਸੈਂਟਰ ਵਜੋਂ ਪਦ ਉੱਨਤ ਕਰਵਾ ਦੇਣਗੇ। ਉਨ੍ਹਾਂ ਜ਼ਿਲ੍ਹੇ ਭਰਦੇ ਲੋਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਦੇਣ ਦਾ ਐਲਾਨ ਵੀ ਕੀਤਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ਮਾਨਸਾ ਕਿਸੇ ਵੀ ਮਰੀਜ਼ ਨੂੰ ਤੁਰੰਤ ਪਹੁੰਚਾਉਣਾ ਮੁਸ਼ਕਿਲ ਹੋ ਜਾਂਦਾ ਹੈ। ਪਰ ਹੁਣ ਇਹ ਜੋ ਟਰੋਮਾ ਸੈਂਟਰ ਦੀ ਖਿਆਲਾ ਕਲਾਂ ਵਿਖੇ ਮੰਗ ਉਠਾਈ ਜਾ ਰਹੀ ਹੈ। ਇਹ ਕਮੇਟੀ ਦਾ ਸ਼ਲਾਘਾ ਕਰਨੀ ਬਣਦੀ ਹੈ, ਜੋ ਇਸ ਲਈ ਪੂਰੀਆਂ ਕੋਸ਼ਿਸਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟੋਰਾਂਟੋ ‘ਚ ਸਾਡਾ ਵੱਡਾ ਸ਼ੋਅ ਹੋ ਰਿਹਾ ਹੈ ਅਤੇ ਐਨਆਰਆਈ ਨੂੰ ਵੀ ਅਪੀਲ ਕਰਾਂਗਾ। ਇਸ ਕਮੇਟੀ ਨਾਲ ਸੇਵਾਦਾਰ ਬਣ ਕੇ ਕੰਮ ਕਰਾਂਗਾ। ਡਾ. ਸੰਦੀਪ ਘੰਡ ਨੇ ਵੀ ਇਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਟਰੋਮਾ ਸੈਂਟਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਜਦ ਵੀ ਲੋਕ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਨਜ਼ਦੀਕ ਤੁਰੰਤ ਸਿਹਤ ਸਹੂਲਤ ਨਾ ਮਿਲਣ ਕਾਰਨ ਕਈ ਵਾਰ ਉਨ੍ਹਾਂ ਨੂੰ ਜਾਨਾਂ ਗੁਆਣੀਆਂ ਪੈਂਦੀਆਂ ਹਨ। ਹਸਪਤਾਲ ਅੱਪਗ੍ਰੇਡ ਸੰਘਰਸ਼ ਕਮੇਟੀ ਦੇ ਸੁੱਖੀ ਖਿਆਲਾ, ਲਖਵੀਰ ਸਿੰਘ, ਜਗਸੀਰ ਸਿੰਘ ਅਤੇ ਜਗਜੀਵਨ ਕੁਮਾਰ ਨੇ ਸਭਦਾ ਧੰਨਵਾਦ ਕਰਦਿਆਂ ਟਰੌਮਾ ਸੈਂਟਰ ਦਾ ਐਲਾਨ ਹੋਣ ਤੱਕ ਇਵੇਂ ਹੀ ਇੱਕਜੁੱਟਤਾ ਨਾਲ ਸੰਘਰਸ਼ ਚੱਲਦੇ ਰੱਖਣ ਦਾ ਅਹਿਦ ਲਿਆ।