- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਿਆਣਾ ਸਿਵਲ ਸਰਵਿਸਜ਼ ਪ੍ਰੀਖਿਆ

ਪੱਤਰ ਪ੍ਰੇਰਕ ਪੰਜਾਬੀ ਜਾਗਰਣ
ਮਾਨਸਾ
ਹਰਿਆਣਾ ਸਿਵਲ ਸਰਵਿਸਜ਼ ਪ੍ਰੀਖਿਆ ਵਿਚ ਸੂਬੇ ਭਰ ’ਚੋਂ ਚੌਥਾ ਰੈਂਕ ਹਾਸਲ ਕਰਨ ਵਾਲੀ ਕਰੀਮੀ ਗਰਗ ਨੂੰ ਮਾਨਸਾ ਦੇ ਬਾਲ ਭਵਨ ਵਿਖੇ ਇਕ ਸਮਾਗਮ ਦੌਰਾਨ ਕੇ.ਕੇ. ਯੋਗਾ ਵੈਲਫੇਅਰ ਗਰੁੱਪ, ਮਾਨਸਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰੀਮੀ ਗਰਗ ਦੇ ਪਿਤਾ ਰਾਜ ਕੁਮਾਰ ਗਰਗ ਅਤੇ ਮਾਤਾ ਆਸ਼ਾ ਗਰਗ ਵੀ ਮੌਜੂਦ ਸਨ।
ਇਸ ਮੌਕੇ ਗਰੁੱਪ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਬੇਟੀ ਕਰੀਮੀ ਨੇ ਸਿਵਲ ਸਰਵਿਸਜ਼ ਹਰਿਆਣਾ ਦੀ ਪ੍ਰੀਖਿਆ ’ਚੋਂ ਚੌਥਾ ਰੈਂਕ ਹਾਸਲ ਕਰਕੇ ਨਾਂ ਸਿਰਫ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਬਲਕਿ ਪੂਰੇ ਸ਼ਹਿਰ ਦਾ ਨਾਮ ਦੇਸ਼ਾਂ ਵਿਦੇਸ਼ਾਂ ਤੱਕ ਚਮਕਾਇਆ ਹੈ। ਉਨ੍ਹਾਂ ਨੇ ਸਮੂਹ ਗਰੁੱਪ ਵੱਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਦੱਸਿਆ ਕਿ ਸਰਵਿਸਜ਼ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਕਰੀਮੀ ਗਰਗ ਐਸਡੀਐਮ ਬਣੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਰੀਮੀ ਉਚ ਅਹੁਦੇ ’ਤੇ ਵਿਰਾਜਮਾਨ ਹੋਕੇ ਸਾਡੇ ਲੋਕਾਂ ਦੀ ਤੇ ਦੇਸ਼ ਹਿੱਤ ਵਿਚ ਸੇਵਾ ਕਰੇਗੀ। ਇਸ ਮੌਕੇ ਉਪ ਯੋਗਾ ਅਧਿਆਪਕ ਰਜਨੀ ਸਿੰਗਲਾ ਅਤੇ ਪੂਜਾ ਕਾਂਸਲ ਸਮੇਤ ਹੋਰਨਾਂ ਮੈਂਬਰਾਂ ਵੱਲੋਂ ਕਰੀਮੀ ਗਰਗ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਤੇ ਸਮੂਹ ਮੈਂਬਰਾਂ ਨੇ ਕਰੀਮੀ ਗਰਗ ਅਤੇ ਸੀਨੀਅਰ ਯੋਗਾ ਮੈਂਬਰ ਆਸ਼ਾ ਗਰਗ ਨੂੰ ਵਧਾਈਆਂ ਦਿੱਤੀਆਂ। ਕਾਬਿਲੇਗੌਰ ਹੈ ਕਿ ਕਰੀਮੀ ਨੇ ਹਰਿਆਣਾ ਸਿਵਲ ਸਰਵਿਸਜ਼ ਅਤੇ ਪੰਜਾਬ ਸਿਵਲ ਸਰਵਿਸਜ਼ ਵਿੱਚ ਦੋਨੇਂ ਪ੍ਰੀਖਿਆਵਾਂ ਦਿੱਤੀਆਂ ਸਨ ਅਤੇ ਹਰਿਆਣਾ ਸਿਵਲ ਸਰਵਿਸਜ਼ ਦੇ ਘੋਸ਼ਿਤ ਕੀਤੇ ਨਤੀਜੇ ਵਿੱਚ ਰਾਜ ਭਰ ਵਿਚੋਂ ਚੌਥਾ ਰੈਂਕ ਲਿਆ ਹੈ। ਅਪਰੈਲ, ਜੂਨ ਤੇ ਅਕਤੂਬਰ ਤਿੰਨ ਪੜਾਵਾਂ ਵਿੱਚ ਇਹ ਪ੍ਰੀਖਿਆ ਮੁਕੰਮਲ ਹੋਈ ਹੈ। ਕਰੀਮੀ ਗਰਗ ਦੀ ਇਸ ਉਪਲਬੱਧੀ ਨੂੰ ਲੈਕੇ ਪਰਿਵਾਰ ਅਤੇ ਇਲਾਕੇ ਵਿਚ ਖੁਸ਼ੀ ਪਾਈ ਜਾ ਰਹੀ ਹੈ। ਉਸਦੇ ਪਿਤਾ ਰਾਜ ਕੁਮਾਰ ਗਰਗ ਆੜਤ ਦਾ ਕੰਮ ਕਰਦੇ ਹਨ, ਜਦੋਂ ਕਿ ਮਾਤਾ ਆਸ਼ਾ ਰਾਣੀ ਘਰੇਲੂ ਹੈ। ਵੱਡਾ ਭਰਾ ਅਤੇ ਭਰਜਾਈ ਬੰਗਲੌਰ ਦੀ ਇੱਕ ਕੰਪਨੀ ਵਿੱਚ ਨੌਕਰੀ ਕਰਦੇ ਹਨ। ਮਾਨਸਾ ਦੀ ਕਰੀਮੀ ਗਰਗ ਨੇ ਦੱਸਿਆ ਕਿ ਤਿੰਨ ਸਾਲ ਇਸ ਦੀ ਜੀ ਤੋੜ ਮਿਹਨਤ ਨਾਲ ਤਿਆਰੀ ਕਰਨ ਉਪਰੰਤ ਕੋਚਿੰਗ ਲੈਣ ਦੇ ਨਾਲ-ਨਾਲ, ਰੋਜ਼ਾਨਾ 6 ਘੰਟੇ ਨਿਰੰਤਰ ਪੜ੍ਹਾਈ ਕਰਦੀ ਸੀ। ਉਸਨੂੰ ਆਸ ਸੀ ਕਿ ਉਸਦੀ ਮਿਹਨਤ ਨੂੰ ਇਕ ਦਿਨ ਫ਼ਲ ਲੱਗੇਗਾ। ਕਰੀਮੀ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਸਿਵਲ ਸਰਵਿਸਜ਼ ਦੀਆਂ ਪ੍ਰੀਖਿਆਵਾਂ ਉਸਨੇ ਦੋਵੇਂ ਪੂਰੀ ਤਿਆਰੀ ਨਾਲ ਦਿੱਤੀਆਂ ਅਤੇ ਹਰਿਆਣਾ ਦੀ ਪ੍ਰੀਖਿਆ ਵਿੱਚ ਉਸ ਨੂੰ ਚੌਥਾ ਰੈਂਕ ਮਿਲਿਆ ਹੈ, ਜਦੋਂ ਕਿ ਪੰਜਾਬ ਦੀ ਪ੍ਰੀਖਿਆ ਦਾ ਨਤੀਜਾ ਹਾਲੇ ਤੱਕ ਘੋਸ਼ਿਤ ਨਹੀਂ ਕੀਤਾ ਗਿਆ ਹੈ। ਕਰੀਮੀ ਗਰਗ ਦਾ ਕਹਿਣਾ ਹੈ ਕਿ ਉਹ ਸਿਵਲ ਸਰਵਿਸਜ਼ ਵਿਚ ਜਾਕੇ ਲੋਕਾਂ ਅਤੇ ਦੇਸ਼ ਹਿੱਤ ਲਈ ਸੇਵਾ ਕਰਨਾ ਲੋਚਦੀ ਹੈ। ਉਸਨੇ ਦੱਸਿਆ ਕਿ ਸਿਰਫ਼ ਨੌਕਰੀ ਹਾਸਲ ਕਰਨਾ ਹੀ ਉਸਦਾ ਟੀਚਾ ਨਹੀਂ, ਬਲਕਿ ਬਚਪਨ ਤੋਂ ਹੀ ਪੜ੍ਹਦੇ ਸਮੇਂ ਉਸਨੇ ਸਿਵਲ ਸਰਵਿਸਜ਼ ਜਾਣ ਦੀ ਤਾਣੀ ਹੋਈ ਸੀ। ਕਰੀਮੀ ਹੁਣ ਹਰਿਆਣਾ ਸਿਵਲ ਸਰਵਿਸਜ਼ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਐਸਡੀਐਮ ਬਣੇਗੀ। ਉਸਦਾ ਸੁਪਨਾ ਹੈ ਕਿ ਉਹ ਇੱਕ ਦਿਨ ਡਿਪਟੀ ਕਮਿਸ਼ਨਰ ਬਣੇ।
ਕਰੀਮੀ ਗਰਗ ਦੀ ਇਸ ਉਪਲਬੱਧੀ ਨੂੰ ਲੈ ਕੇ ਸੁਰਿੰਦਰ ਗੁਲਾਟੀ, ਨਰਿੰਦਰ ਜਿੰਦਲ, ਵਿਜੈ ਸ਼ਰਮਾ, ਰਜਿੰਦਰ ਸਿੰਗਲਾ, ਐਡਵੋਕੇਟ ਜਸਵੰਤ ਸਿੰਘ, ਭੂਸ਼ਨ ਮਿਤਵਾ, ਗਗਨ ਸਿੰਗਲਾ, ਵਿਸ਼ਾਲ ਜਿੰਦਲ, ਸੰਦੀਪ ਕੁਮਾਰ ਅਤੇ ਯੋਗਾ ਮੈਂਬਰ ਅਮਨਦੀਪ ਕੌਰ ਖਾਰਾ, ਮੋਨਿਕਾ ਮੋਨਾ, ਸੰਜਨਾ, ਨੀਸ਼ਾ ਗਰਗ, ਸੀਮਾ ਸ਼ਰਮਾ, ਸੋਨੀਆ, ਰੇਨੂੰ, ਪੂਜਾ ਰਾਣੀ, ਰਿੰਪੀ ਰਾਣੀ, ਚਰਨਜੀਤ ਕੌਰ, ਦਲਵੀਰ ਕੌਰ, ਸੰਧਿਆ, ਕੁਸਮ, ਰੀਟਾ, ਰੇਖਾ, ਗੋਲਡੀ, ਨੇਹਾ, ਰਾਣੀ, ਰਣਜੀਤ ਕੌਰ, ਡਿੰਪਲ ਸਮੇਤ ਸਮੂਹ ਮੈਂਬਰਾਂ ਨੇ ਵਧਾਈਆਂ ਦਿੱਤੀਆਂ।