- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਵਿਖੇ ਦੋ ਮਹੀਨੇ ਪਹਿਲਾਂ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਇੱਥੇ ਦੋ ਮਹੀਨੇ ਪਹਿਲਾਂ ਬਣੀ ਆਰਸੀਸੀ ਸੜਕ ਟੁੱਟਣ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਬਣਾਈ ਗਈ ਪੰਜ ਮੈਂਬਰੀ ਜਾਂਚ ਕਮੇਟੀ ਵੱਲੋਂ ਸੜਕ ਦੇ ਸੈਂਪਲ ਲਏ ਗਏ। ਸ਼ਹਿਰ ਵਾਸੀਆਂ ਵੱਲੋਂ ਸੜਕ ਵਿੱਚ ਘਟੀਆ ਮਟੀਰੀਅਲ ਇਸਤੇਮਾਲ ਕਰਨ ਵਾਲੇ ਠੇਕੇਦਾਰ ਅਤੇ ਨਿਗਰਾਨ ਅਧਿਕਾਰੀਆਂ ‘ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਮਾਨਸਾ ਦੀ ਕਚਹਿਰੀ ਰੋਡ ਦੀ ਇਹ ਉਹ ਸੜਕ ਹੈ, ਜਿਸ ਨੂੰ ਦੋ ਮਹੀਨੇ ਪਹਿਲਾਂ 32 ਲੱਖ ਰੁਪਏ ਦੀ ਲਾਗਤ ਨਾਲ ਆਰਸੀਸੀ ਸੜਕ ਬਣਾਈ ਗਈ ਸੀ। ਸੜਕ ਉੱਪਰ ਅਜੇ ਤੱਕ ਕੋਈ ਵੀ ਹੈਵੀ ਵਾਹਨਾਂ ਦੀ ਆਵਾਜਾਈ ਸ਼ੁਰੂ ਨਹੀਂ ਹੋਈ, ਪਰ ਦੋ ਮਹੀਨਿਆਂ ਤੋਂ ਪਹਿਲਾਂ ਹੀ ਸੜਕ ਟੁੱਟ ਕੇ ਬਿਖਰ ਚੁੱਕੀ ਹੈ। ਸੜਕ ਟੁੱਟਣ ਦਾ ਮਾਮਲਾ ਮੀਡੀਆ ਦੀਆਂ ਸੁਰਖੀਆਂ ਬਨਣ ਬਾਅਦ ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਵੱਲੋਂ ਇਸ ਦਾ ਨਿਰੀਖਣ ਕਰਨ ਬਾਅਦ ਪੰਜ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਇਸ ਸੜਕ ਦੇ ਸੈਂਪਲ ਲੈ ਕੇ ਸਰਕਾਰੀ ਲੈਬ ਨੂੰ ਭੇਜਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਐੱਸਡੀਐੱਮ ਮਾਨਸਾ, ਐਸਸੀ ਮੰਡੀ ਬੋਰਡ, ਈਓ ਮਾਨਸਾ, ਐਕਸੀਅਨ ਨਗਰ ਕੌਂਸਲ ਮਾਨਸਾ ਸਮੇਤ ਪੰਜ ਅਧਿਕਾਰੀਆਂ ਦੀ ਟੀਮ ਵੱਲੋਂ ਅੱਜ ਸੜਕ ਦੇ ਸੈਂਪਲ ਲਏ ਗਏ। ਇਸ ਦੌਰਾਨ ਐੱਸਡੀਐੱਮ ਬਲਜੀਤ ਕੌਰ ਅਤੇ ਮੰਡੀ ਬੋਰਡ ਦੇ ਐਸਸੀ ਵਿਪਨ ਖੰਨਾ ਨੇ ਕਿਹਾ ਕਿ ਪਿਛਲੇ ਦਿਨ੍ਹੀਂ ਮਾਨਸਾ ਵਿੱਚ ਬਣੀ ਆਰਸੀਸੀ ਸੜਕ ਦੇ ਟੁੱਟਣ ਸਬੰਧੀ ਡੀਸੀ ਮਾਨਸਾ ਨੂੰ ਸ਼ਿਕਾਇਤ ਮਿਲੀ ਸੀ, ਜਿਸ ਬਾਅਦ ਇਸ ਸੜਕ ਦਾ ਨਿਰੀਖਣ ਕਰਨ ਬਾਅਦ ਉਨ੍ਹਾਂ ਵੱਲੋਂ ਜਾਂਚ ਕਮੇਟੀ ਬਣਾ ਕੇ ਸੜਕ ਦੇ ਸੈਂਪਲ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਸੜਕ ਦੇ ਜਗ੍ਹਾ ਜਗ੍ਹਾ ਤੋਂ ਸੈਂਪਲ ਲਏ ਗਏ ਹਨ ਅਤੇ ਜਾਂਚ ਲਈ ਲੈਬ ਵਿੱਚ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਬਾਅਦ ਜੇਕਰ ਸੜਕ ਵਿੱਚ ਘਟੀਆ ਮਟੀਰੀਅਲ ਵਰਤਣ ਸਬੰਧੀ ਰਿਪੋਰਟ ਮਿਲੀ ਤਾਂ ਸਬੰਧਿਤ ਅਧਿਕਾਰੀਆਂ ਤੇ ਕਾਰਵਾਈ ਹੋਵੇਗੀ।
ਦੂਜੇ ਪਾਸੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਮਾਨਸਾ ਦੇ ਕਚਹਿਰੀ ਰੋਡ ਤੇ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਬਣੀ ਆਰਸੀਸੀ ਸੜਕ ਵਿੱਚ ਘਟੀਆ ਮਟੀਰੀਅਲ ਇਸਤੇਮਾਲ ਕੀਤਾ ਗਿਆ ਸੀ। ਇਸ ਸਬੰਧੀ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਅਤੇ ਪੰਜਾਬ ਸਰਕਾਰ ਕੋਲੋਂ ਇਸ ਸੜਕ ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸੜਕ ਵਿੱਚ ਜਾਂਚ ਕਮੇਟੀ ਬਣਾ ਕੇ ਅੱਜ ਸੜਕ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਵਿੱਚ ਘਟੀਆ ਮਟੀਰੀਅਲ ਇਸਤੇਮਾਲ ਕੀਤਾ ਗਿਆ ਹੈ। ਦੋ ਮਹੀਨਿਆਂ ਵਿੱਚ ਹੀ ਸੜਕ ਟੁੱਟ ਕੇ ਬਿਖਰ ਚੁੱਕੀ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਸੜਕ ਵਿੱਚ ਘਟੀਆ ਮਟੀਰੀਅਲ ਇਸਤੇਮਾਲ ਕਰਨ ਵਾਲੇ ਠੇਕੇਦਾਰ ਅਤੇ ਨਿਗਰਾਨ ਅਧਿਕਾਰੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ।