ਜੀਆਈਐਮਟੀ ਕਾਲਜ ’ਚ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ
ਜੀਆਈਐਮਟੀ ਕਾਲਜ ਬੁਢਲਾਡਾ ਵਿੱਚ ਅੰਤਰਰਾਸ਼ਟਰੀ
Publish Date: Fri, 20 Feb 2026 08:22 PM (IST)
Updated Date: Sat, 21 Feb 2026 04:15 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਜੀਆਈਐੱਮਟੀ ਕਾਲਜ ਬੁਢਲਾਡਾ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਉਤਸ਼ਾਹਪੂਰਵਕ ਮਨਾਇਆ। ਇਸ ਸਾਲ ਦਾ ਕੇਂਦਰੀ ਵਿਸ਼ਾ “ਯੂਥ ਵੁਆਇਸ ਆਨ ਮਲਟੀਲਿੰਗੁਅਲ ਐਜੂਕੇਸ਼ਨ (ਬਹੁਭਾਸ਼ੀ ਸਿੱਖਿਆ ਵਿੱਚ ਨੌਜਵਾਨਾਂ ਦੀ ਆਵਾਜ਼)” ਰਿਹਾ, ਜਿਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਮਾਤ ਭਾਸ਼ਾਵਾਂ ਦੇ ਮਹੱਤਵ ਅਤੇ ਭਾਸ਼ਾਈ ਵਿਭਿੰਨਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਭਾਸ਼ਣ, ਕਵਿਤਾ ਪਾਠ ਤੇ ਵਿਚਾਰ ਪ੍ਰਗਟਾਵੇ ਰਾਹੀਂ ਮਾਤ ਭਾਸ਼ਾ ਦੀ ਅਹਿਮੀਅਤ ਨੂੰ ਉਜਾਗਰ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮਾਤ ਭਾਸ਼ਾ ਕਿਸੇ ਵੀ ਸਮਾਜ ਦੀ ਸੱਭਿਆਚਾਰਕ ਵਿਰਾਸਤ, ਪਹਿਚਾਣ ਅਤੇ ਮੁੱਲਾਂ ਦੀ ਸੰਭਾਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਭਾਸ਼ਾਈ ਜੜਾਂ ਨਾਲ ਜੁੜੇ ਰਹਿਣ ਅਤੇ ਬਹੁਭਾਸ਼ੀ ਸਿੱਖਿਆ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਤ ਭਾਸ਼ਾ ਵਿਅਕਤੀ ਦੀ ਸੋਚ ਅਤੇ ਵਿਅਕਤਿਤਵ ਦੇ ਵਿਕਾਸ ਦੀ ਮਜ਼ਬੂਤ ਨੀਂਹ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਸਮੇਤ ਹਰ ਮਾਤ ਭਾਸ਼ਾ ਦਾ ਸਤਿਕਾਰ ਕਰਨ ਅਤੇ ਉਸ ਦੇ ਪ੍ਰਚਾਰ-ਪ੍ਰਸਾਰ ’ਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਪ੍ਰਿੰਸੀਪਲ ਡਾ. ਰੇਖਾ ਨੇ ਕਿਹਾ ਕਿ ਬਹੁਭਾਸ਼ੀ ਸਿੱਖਿਆ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ’ਤੇ ਮੁਕਾਬਲੇਯੋਗ ਬਣਾਉਂਦੀ ਹੈ ਅਤੇ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਦੀ ਹੈ। ਸਮਾਗਮ ਦੇ ਅੰਤ ’ਚ ਵਿਦਿਆਰਥੀਆਂ ਨੂੰ ਮਾਤ ਭਾਸ਼ਾਵਾਂ ਦੀ ਸੰਭਾਲ ਅਤੇ ਪ੍ਰੋਤਸਾਹਨ ਲਈ ਸੰਕਲਪ ਦਿਵਾਇਆ ਗਿਆ। ਇਸ ਮੌਕੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਮਾਗਮ ਨੂੰ ਸਫਲ ਬਣਾਇਆ।