ਐੱਨਐੱਸਕਿਊਐੱਫ਼ ਵੋਕੇਸ਼ਨਲ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਲਗਾਇਆ ਪੱਕਾ ਧਰਨਾ 23ਵੇਂ ਦਿਨ ’ਚ ਦਾਖ਼ਲ
ਐਨਐਸਕਿਊਐਫ ਵੋਕੇਸ਼ਨਲ ਟੀਚਰਜ਼ ਫਰੰਟ
Publish Date: Sat, 31 Oct 2026 05:35 PM (IST)
Updated Date: Sat, 31 Oct 2026 05:37 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਐੱਨਐੱਸਕਿਊਐੱਫ਼ ਵੋਕੇਸ਼ਨਲ ਟੀਚਰਜ਼ ਫਰੰਟ ਪੰਜਾਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅੱਗੇ 8 ਅਕਤੂਬਰ ਨੂੰ ਸ਼ੁਰੂ ਕੀਤਾ ਗਿਆ ਪੱਕਾ ਧਰਨਾ 23ਵੇਂ ਦਿਨ ਵਿਚ ਪਹੁੰਚ ਗਿਆ। ਅਧਿਆਪਕਾਂ ਵੱਲੋਂ ਹਰ ਰੋਜ਼ ਵਿਭਾਗ ਤੇ ਸਰਕਾਰ ਖਿਲਾਫ਼ ਰੋਸ ਦਿਖਾਇਆ ਜਾ ਰਿਹਾ ਹੈ, ਲੇਕਿਨ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ ਹੈ। ਬੇਅੰਤ ਮੀਟਿੰਗ ਕਰਨ ਉਪਰੰਤ ਵੀ ਅਜੇ ਤੱਕ ਕੋਈ ਵੀ ਮੰਗ ਦਾ ਪੱਕਾ ਹੱਲ ਨਹੀਂ ਕੀਤਾ ਜਾ ਸਕਿਆ। ਇੰਝ ਜਾਪਦਾ ਹੈ ਜਿਵੇਂ ਸਰਕਾਰ ਇੰਨ੍ਹਾਂ ਆਊਟਸੋਰਸ ਕੰਪਨੀਆਂ ਨਾਲ ਮਿਲੀਭੁਗਤ ਹੈ, ਜੋ ਇਨ੍ਹਾਂ ਨੂੰ 3720 ਵੋਕੇਸ਼ਨਲ ਅਧਿਆਪਕਾਂ ਦਾ ਭਵਿੱਖ ਨਹੀਂ ਦਿਖ ਰਿਹਾ। ਫ਼ਰੰਟ ਆਗੂਆਂ ਵੱਲੋਂ ਦੱਸਿਆ ਗਿਆ ਕਿ ਜਿਵੇਂ ਜਿਵੇਂ ਧਰਨੇ ਦੇ ਦਿਨ ਅੱਗੇ ਵਧਦੇ ਜਾ ਰਹੇ ਹਨ ਉਵੇਂ ਉਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਪਸ ਜਾਣ ਦੇ ਦਿਨ ਨੇੜੇ ਆ ਰਹੇ ਹਨ। ਝੂਠੇ ਲਾਰੇ ਲਗਾ ਕੇ ਸਰਕਾਰ ਸੱਤਾ ਵਿਚ ਤਾਂ ਆ ਗਈ ਲੇਕਿਨ ਪੰਜ ਸਾਲਾਂ ਬਾਅਦ ਵੀ ਇਹ ਸਰਕਾਰ ਅਧਿਆਪਕਾਂ ਦੀ ਇਕ ਵੀ ਮੰਗ ਨੂੰ ਨਹੀਂ ਪੂਰ ਸਕਿਆ। ਸੈਂਕੜਾ ਮੀਟਿੰਗਾਂ ਕਰਨ ਉਪਰੰਤ ਵੀ ਸਰਕਾਰ ਹਮੇਸ਼ਾ ਟਾਲ ਮਟੋਲ ਦੀ ਨੀਤੀ ਅਪਣਾਉਣ ਦੀ ਆ ਰਹੀ ਹੈ, ਜਿਸ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਵੋਟਾਂ ’ਚ ਭੁਗਤਣਾ ਪੈ ਸਕਦਾ ਹੈ। ਆਉਣ ਵਾਲੇ ਸਮੇਂ ਵਿਚ 3720 ਵੋਕੇਸ਼ਨਲ ਅਧਿਆਪਕਾਂ ਵੱਲੋਂ ਵੱਡੇ ਪੱਧਰ ’ਤੇ ਐਕਸ਼ਨ ਕੀਤੇ ਜਾਣਗੇ।