ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫ਼ਤਰ ਮਾਨਸਾ ਅੱਗੇ ਪੱਕਾ ਮੋਰਚਾ ਕਿਸਾਨਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ
Publish Date: Sun, 30 Aug 2026 05:12 PM (IST)
Updated Date: Sun, 30 Aug 2026 05:13 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਕਿਸਾਨਾਂ ਦੀਆਂ ਭਖ਼ਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਨਸਾ ਦੇ ਡੀਸੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਦਿਨ ਰਾਤ ਦਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਦਿਨ ਸੈਂਕੜੇ ਕਿਸਾਨਾਂ ਅਤੇ ਔਰਤਾਂ ਨੇ ਹਿੱਸਾ ਲਿਆ। ਇਸ ਮੌਕੇ ਧਰਨੇ ਤੇ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਭਾਰਤ ਅਮਰੀਕਾ ਦਰਮਿਆਨ ਜੋ ਕਰ ਮੁਕਤ ਸਮਝੌਤਾ ਹੋ ਰਿਹਾ ਹੈ। ਉਸ ਨਾਲ ਖੇਤੀ, ਡੇਅਰੀ, ਪੋਲਟਰੀ ਅਤੇ ਛੋਟੇ ਕਾਰੋਬਾਰੀਆਂ ਦਾ ਧੰਦਾ ਖ਼ਤਮ ਹੋ ਜਾਵੇਗਾ। ਜਥੇਬੰਦੀ ਮੰਗ ਕਰਦੀ ਹੈ ਕਿ ਇਹ ਸਮਝੌਤਾ ਨਾ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਤਹਿਤ ਜ਼ਬਰੀ ਜ਼ਮੀਨਾਂ ਖੋਹੀਆਂ ਜਾਣਗੀਆਂ। ਕਿਸਾਨਾਂ ਦਾ ਮੋਰਚਾ ਪੰਜਾਬ ਸਰਕਾਰ ਨੂੰ ਕਹਿੰਦਾ ਹੈ ਕਿ ਕਿਸਾਨ ਵਿਰੋਧੀ ਇਹ ਪਾਲਿਸੀ ਤੁਰੰਤ ਰੱਦ ਕੀਤੀ ਜਾਵੇ। ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ, ਮਜ਼ਦੂਰ ਕਰਜੇ ਦੀ ਭਾਰੀ ਪੰਡ ਹੇਠ ਦੱਬ ਗਿਆ ਹੈ ਅਤੇ ਦੁਖੀ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ। ਇਸ ਲਈ ਕਿਸਾਨਾਂ, ਮਜ਼ਦੂਰਾਂ ਦੇ ਕਰਜ਼ੇ ਖ਼ਤਮ ਕੀਤੇ ਜਾਣ, ਕਿਸਾਨ ਪੱਖੀ ਖੇਤੀ ਨੀਤੀ ਬਣਾਈ ਜਾਵੇ, ਖੇਤੀ ਦੇ ਲਾਗਤ ਖਰਚੇ ਘਟਾਏ ਜਾਣ ਤਾਂ ਜੋ ਦੁਆਰਾ ਕਿਸਾਨ, ਮਜ਼ਦੂਰਾਂ ਸਿਰ ਕਰਜ਼ੇ ਨਾ ਚੜ੍ਹਨ, ਕਿਸਾਨਾਂ ਦੇ ਜ਼ਮੀਨਾਂ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ। ਇਸ ਮੌਕੇ ਇੰਦਰਜੀਤ ਸਿੰਘ ਝੱਬਰ ਜ਼ਿਲ੍ਹਾ ਜਨਰਲ ਸਕੱਤਰ, ਭੋਲਾ ਸਿੰਘ ਮਾਖਾ ਖਜ਼ਾਨਚੀ, ਮਹਿੰਦਰ ਸਿੰਘ ਰੋਮਾਣਾ, ਜਗਸੀਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਚਚੋਹਰ, ਵਿੰਦਰ ਸਿੰਘ ਝੰਡਾ, ਜਸਕਰਨ ਸਿੰਘ ਖਿੱਲਣ, ਭੋਲਾ ਸਿੰਘ ਦਿਆਲਪੁਰਾ, ਕਰਮ ਸਿੰਘ ਅਕਲੀਆ, ਚਰਨਜੀਤ ਕੌਰ ਖੋਖਰ ਕਲਾਂ ਨੇ ਵੀ ਸੰਬੋਧਨ ਕੀਤਾ।