ਸ਼ਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਧਰਮੂ ਵਿਖੇ ਐੱਨਡੀਏ ਆਬਸਟੇਕਲ ਗਰਾਊਂਡ ਦੀ ਸ਼ੁਰੂਆਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ
Publish Date: Mon, 05 Oct 2026 04:27 PM (IST)
Updated Date: Mon, 05 Oct 2026 04:29 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਧਰਮੂ (ਮਾਨਸਾ) ਵਿਖੇ ਐਨਡੀਏ ਆਬਸਟੇਕਲ ਗਰਾਊਂਡ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਐਸਜੀਪੀਸੀ ਤੇ ਸੁਰਜੀਤ ਸਿੰਘ ਰਾਏਪੁਰ ਮੈਂਬਰ ਐਸਜੀਪੀਸੀ ਨੇ ਕੀਤਾ। ਇਸ ਮੌਕੇ ਫ਼ੌਜੀ ਵਰਦੀ ਪਹਿਨੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ‘ਤੇ ਕੋਰੀਓਗ੍ਰਾਫ਼ੀ ਦੀ ਪੇਸ਼ਕਾਰੀ ਤੋਂ ਇਲਾਵਾ ਐਨਡੀਏ ਗਰਾਊਂਡ ਦੀਆਂ ਰੁਕਾਵਟਾਂ ਨੂੰ ਪਾਰ ਕਰਨ ਦਾ ਸ਼ਾਨਦਾਰ ਨਮੂਨਾ ਵੀ ਦਿਖਾਇਆ। “ਮੈਂ ਗੁਰਮੁਖੀ ਦਾ ਬੇਟਾ” ਸਮੇਤ ਕਈ ਹੋਰ ਸੱਭਿਆਚਾਰਕ ਵੰਨਗੀਆਂ ਦੀ ਸ਼ਾਨਦਾਰ ਢੰਗ ਨਾਲ ਪੇਸ਼ਕਾਰੀ ਕੀਤੀ। ਇਸ ਦੌਰਾਨ ਐਨਡੀਏ ਇੰਚਾਰਜ ਕੈਪਟਨ ਸੰਦੀਪ ਕੁਮਾਰ ਨੇ ਰੱਖਿਆ ਸੇਵਾਵਾਂ ਵਿਚ ਜਾਣ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ। ਸਮਾਗਮ ਦੇ ਮੁੱਖ ਮਹਿਮਾਨ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਦੱਸਦੇ ਹੋਏ ਕਿਹਾ ਕਿ ਅੱਜ ਸਮੇਂ ਦੀ ਵੱਡੀ ਮੰਗ ਹੈ ਕਿ ਪੰਜਾਬ ਦੇ ਬੱਚੇ ਵੀ ਅਫ਼ਸਰਸ਼ਾਹੀ ਦੇ ਖੇਤਰ ਵਿੱਚ ਜਾਣ, ਜਿਸ ਵਾਸਤੇ ਐਸਜੀਪੀਸੀ ਆਪਣੀਆਂ ਵਿੱਦਿਅਕ ਸੰਸਥਾਵਾਂ ‘ਚ ਅਜਿਹੀਆਂ ਲੋੜੀਂਦੀਆਂ ਸਹੂਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਵੱਲੋਂ ਸਕੂਲ ਦੀ ਹਾਈਟੈਕ ਆਈਸੀਟੀ ਲੈਬ ਦਾ ਉਦਘਾਟਨ ਕੀਤਾ ਗਿਆ। ਸਕੂਲ ਦੀ ਪੰਜਾਬੀ ਅਧਿਆਪਕਾ ਬੱਬੂਜੀਤ ਕੌਰ ਨੂੰ ਚੰਗੇ ਨਤੀਜੇ ਦੇਣ ਬਦਲੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਮਾਗਮ ਵਿਚ ਪਹੁੰਚੀਆਂ ਸ਼ਖਸੀਅਤਾਂ ਨੂੰ ਸਕੂਲ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਮੰਚ ਦਾ ਸੰਚਾਲਕ ਦੀ ਭੂਮਿਕਾ ਅਧਿਆਪਕਾ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਢੰਗ ਨਾਲ ਅਦਾ ਕੀਤੀ। ਇਸ ਮੌਕੇ ਨਰਿੰਦਰ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਬੁਢਲਾਡਾ, ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਕਮੇਟੀ ਐਸਜੀਪੀਸੀ, ਭਾਈ ਅਮਰਦੀਪ ਸਿੰਘ ਧਰਮ ਪ੍ਰਚਾਰਕ ਐੱਸਜੀਪੀਸੀ, ਸਤਵੰਤ ਸਿੰਘ ਐਸਡੀਓ, ਹਿਤੇਸ਼ਵਰ ਸਿੰਘ ਜੇਈ ਤੋਂ ਇਲਾਵਾ ਸਮੂਹ ਸਟਾਫ਼, ਵਿਦਿਆਰਥੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।