ਸਰਦੂਲਗੜ੍ਹ 'ਚ ਮੁੜ 'ਆਪ' ਨੇ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਉਤਾਰਿਆ ਮੈਦਾਨ ’ਚ; ਮੁੜ 'ਆਪ' ਦੀਆਂ ਨਜ਼ਰਾਂ ਜਿੱਤ 'ਤੇ
9 ਮਾਰਚ 1978 ਨੂੰ ਜਨਮੇ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਪੇਸ਼ੇ ਤੋਂ ਵਕੀਲ ਹਨ। ਆਪਣੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ’ਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਯੂਥ ਆਗੂ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਬਾਅਦ ’ਚ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
Publish Date: Sat, 31 Oct 2026 04:33 PM (IST)
Updated Date: Sat, 31 Oct 2026 04:39 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ। ਆਮ ਆਦਮੀ ਪਾਰਟੀ (ਆਪ) ਨੇ ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਤੋਂ ਮੌਜੂਦਾ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ 'ਤੇ ਮੁੜ ਭਰੋਸਾ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਦੂਜੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ਦੇ ਨਾਂ ਦੀ ਐਲਾਨ ਤੋਂ ਬਾਅਦ ਹਲਕੇ ਦੇ 'ਆਪ' ਸਮਰਥਕਾਂ ਅਤੇ ਵਰਕਰਾਂ ਵਿੱਚ ਉਤਸ਼ਾਹ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ।
ਸਿਆਸੀ ਪਿਛੋਕੜ ਅਤੇ 2022 ਦਾ ਇਤਿਹਾਸਕ ਨਤੀਜਾ
9 ਮਾਰਚ 1978 ਨੂੰ ਜਨਮੇ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਪੇਸ਼ੇ ਤੋਂ ਵਕੀਲ ਹਨ। ਆਪਣੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ’ਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਯੂਥ ਆਗੂ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਬਾਅਦ ’ਚ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਰਦੂਲਗੜ੍ਹ ਹਲਕੇ ਤੋਂ 'ਆਪ' ਦੀ ਟਿਕਟ 'ਤੇ ਲੜਦਿਆਂ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇੱਕ ਵੱਡਾ ਉਲਟਫ਼ੇਰ ਕਰਦਿਆਂ ਇਤਿਹਾਸਕ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ ਹਲਕੇ 'ਚ ਲੰਮੇ ਸਮੇਂ ਤੋਂ ਰਵਾਇਤੀ ਦਬਦਬਾ ਰੱਖਣ ਵਾਲੇ ਕਾਂਗਰਸ ਦੇ ਮੋਫ਼ਰ ਪਰਿਵਾਰ ਅਤੇ ਅਕਾਲੀ ਦਲ ਦੇ ਭੂੰਦੜ ਪਰਿਵਾਰ ਦੇ ਗੜ੍ਹ ਨੂੰ ਢਾਹ ਲਾਈ ਸੀ।
2022 ਚੋਣਾਂ ਦੇ ਅੰਕੜੇ ਇੱਕ ਨਜ਼ਰ ‘ਚ
ਗੁਰਪ੍ਰੀਤ ਸਿੰਘ ਬਣਾਂਵਾਲੀ (ਆਪ): 75,817 ਵੋਟਾਂ (ਜੇਤੂ)
ਬਿਕਰਮ ਸਿੰਘ ਮੋਫ਼ਰ (ਕਾਂਗਰਸ): 34,446 ਵੋਟਾਂ
ਦਿਲਰਾਜ ਸਿੰਘ ਭੂੰਦੜ (ਅਕਾਲੀ ਦਲ): 31,757 ਵੋਟਾਂ
ਜਿੱਤ ਦਾ ਫ਼ਰਕ: 41,371 ਵੋਟਾਂ
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਲਦੇਵ ਸਿੰਘ ਨੂੰ 2,345, ਭਾਜਪਾ ਦੇ ਜਗਜੀਤ ਸਿੰਘ ਮਿਲਖਾ ਨੂੰ 2,038 ਅਤੇ ਨੋਟਾ (NOTA) ਨੂੰ 684 ਵੋਟਾਂ ਮਿਲੀਆਂ ਸਨ।
ਮਾਨਸਾ ਜ਼ਿਲ੍ਹੇ 'ਚ ਬਣਿਆ ਸੀ 'ਆਪ' ਦਾ ਦਬਦਬਾ
2022 ਦੀ ਚੋਣ ਹਨ੍ਹੇਰੀ ਵਿੱਚ ਆਮ ਆਦਮੀ ਪਾਰਟੀ ਨੇ ਮਾਨਸਾ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ — ਸਰਦੂਲਗੜ੍ਹ, ਮਾਨਸਾ ਅਤੇ ਬੁਢਲਾਡਾ—'ਤੇ ਹੂੰਝਾਫ਼ੇਰ ਜਿੱਤ ਹਾਸਲ ਕੀਤੀ ਸੀ। ਹੁਣ ਇੱਕ ਵਾਰ ਫਿਰ ਤੋਂ ਟਿਕਟ ਮਿਲਣ ਨਾਲ ਸਰਦੂਲਗੜ੍ਹ ਹਲਕੇ ਦੀ ਸਿਆਸਤ ਗਰਮਾ ਗਈ ਹੈ ਅਤੇ ਬਣਾਂਵਾਲੀ ਮੁੜ ਆਪਣੇ ਵਿਕਾਸ ਕਾਰਜਾਂ ਦੇ ਦਮ 'ਤੇ ਜਿੱਤ ਦਾ ਦਾਅਵਾ ਠੋਕ ਰਹੇ ਹਨ।