70ਵੀਆਂ ਜ਼ੋਨ ਪੱਧਰੀ ਸਰਦ ਰੁੱਤ ਐਥਲੈਟਿਕਸ ਖੇਡਾਂ ਸਬੰਧੀ ਅਹਿਮ ਮੀਟਿੰਗ 70ਵੀਆਂ ਜੋਨ ਪੱਧਰੀ ਸਰਦ ਰੁੱਤ
Publish Date: Mon, 21 Sep 2026 05:32 PM (IST)
Updated Date: Mon, 21 Sep 2026 05:35 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ 70ਵੀਆਂ ਜ਼ੋਨ ਪੱਧਰੀ ਸਰਦ ਰੁੱਤ ਐਥਲੈਟਿਕਸ ਖੇਡਾਂ ਜ਼ੋਨ ਫਫੜੇ ਭਾਈਕੇ ਨੂੰ ਸੁਚੱਜੇ ਤੇ ਸੁਚਾਰੂ ਢੰਗ ਨਾਲ ਕਰਵਾਉਣ ਸਬੰਧੀ ਇੱਕ ਅਹਿਮ ਮੀਟਿੰਗ ਜ਼ੋਨਲ ਬਲਾਕ ਪ੍ਰਧਾਨ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਖੇਡਾਂ ਦੇ ਪ੍ਰਬੰਧ, ਖਿਡਾਰੀਆਂ ਲਈ ਲੋੜੀਂਦੀਆਂ ਸਹੂਲਤਾਂ, ਮੈਦਾਨ ਦੀ ਤਿਆਰੀ ਤੇ ਵੱਖ-ਵੱਖ ਕਮੇਟੀਆਂ ਦੀਆਂ ਜ਼ਿੰਮੇਵਾਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਅਹਿਮ ਹਿੱਸਾ ਹਨ। ਐਥਲੈਟਿਕਸ ਵਰਗੀਆਂ ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਮਿਹਨਤ, ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ੋਨ ਪੱਧਰੀ ਖੇਡਾਂ ਨੂੰ ਸੁਚੱਜੇ, ਪਾਰਦਰਸ਼ੀ ਅਤੇ ਖੇਡ ਭਾਵਨਾ ਵਾਲੇ ਮਾਹੌਲ ਵਿੱਚ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ੋਨਲ ਸਕੱਤਰ ਲੈਕਚਰਾਰ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 70ਵੀਆਂ ਸਰਦ ਰੁੱਤ ਜੋਨ ਪੱਧਰੀ ਐਥਲੈਟਿਕਸ ਖੇਡਾਂ 24 ਸਤੰਬਰ ਤੋਂ 26 ਸਤੰਬਰ 2026 ਤੱਕ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ), ਫਫੜੇ ਭਾਈਕੇ ਵਿਖੇ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਜ਼ੋਨ ਅਧੀਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਖਿਡਾਰੀ ਉਤਸ਼ਾਹ ਨਾਲ ਭਾਗ ਲੈਣਗੇ। ਖੇਡਾਂ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੈਕਚਰਾਰ ਹਰਪ੍ਰੀਤ ਸਿੰਘ ਨੂੰ ਟਰੈਕ ਕਨਵੀਨਰ, ਕਰਮਜੀਤ ਕੌਰ ਬੋੜਾਵਾਲ ਨੂੰ ਜੰਪਸ ਕਨਵੀਨਰ, ਬਲਕਾਰ ਸਿੰਘ ਨੂੰ ਥਰੋਅ ਕਨਵੀਨਰ ਅਤੇ ਮੁਖਤਿਆਰ ਕੌਰ ਨੂੰ ਰਿਕਾਰਡ ਕਮੇਟੀ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਮੀਟਿੰਗ ਦੌਰਾਨ ਪ੍ਰਬੰਧਕਾਂ ਵੱਲੋਂ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਲਈ ਬਿਹਤਰ ਪ੍ਰਬੰਧ, ਸਮੇਂ ਸਿਰ ਮੁਕਾਬਲੇ ਕਰਵਾਉਣ ਅਤੇ ਖੇਡਾਂ ਦੇ ਨਤੀਜਿਆਂ ਨੂੰ ਸਹੀ ਢੰਗ ਨਾਲ ਦਰਜ ਕਰਨ ਸਬੰਧੀ ਵੀ ਵਿਚਾਰ ਕੀਤਾ ਗਿਆ। ਸਮੂਹ ਅਧਿਆਪਕਾਂ, ਖੇਡ ਇੰਚਾਰਜਾਂ ਤੇ ਪ੍ਰਬੰਧਕੀ ਟੀਮ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਅਤੇ ਸਾਂਝੀ ਭਾਵਨਾ ਨਾਲ ਨਿਭਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਲੈਕਚਰਾਰ ਰਾਜਿੰਦਰ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਜਗਸੀਰ ਸਿੰਘ, ਅਮਨਿੰਦਰ ਸਿੰਘ, ਦਲਵਿੰਦਰ ਸਿੰਘ, ਕਰਮਜੀਤ ਕੌਰ, ਵੀਰਪਾਲ ਕੌਰ, ਕਿਰਨਦੀਪ ਕੌਰ, ਪ੍ਰਿਤਪਾਲ ਕੌਰ ਅਤੇ ਗੁਰਦੀਪ ਸਿੰਘ ਹਾਜ਼ਰ ਸਨ।