ਭੱਠਾ ਮਜ਼ਦੂਰ 12 ਫ਼ਰਵਰੀ ਦੀ ਹੜਤਾਲ ’ਚ ਹੋਣਗੇ ਸ਼ਾਮਲ
‘ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ
Publish Date: Wed, 28 Jan 2026 06:55 PM (IST)
Updated Date: Thu, 29 Jan 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ ; ‘ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ (ਏਕਟੂ)’ ਵੱਲੋਂ ਜ਼ਿਲ੍ਹਾ ਮਾਨਸਾ ਦੇ ਭੱਠਾ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸੈਂਕੜੇ ਮਜ਼ਦੂਰਾਂ ਨੇ ਰੈਲੀ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਤੇ ਭੱਠਾ ਮਾਲਕਾਂ ਦੇ ਮਜ਼ਦੂਰ ਵਿਰੋਧੀ ਰਵੱਈਏ ਖਿਲਾਫ਼ ਰੋਸ ਪ੍ਰਗਟਾਇਆ। ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ 15 ਦਿਨਾਂ ਦੇ ਅੰਦਰ-ਅੰਦਰ ਪ੍ਰਸ਼ਾਸਨ, ਭੱਠਾ ਮਾਲਕਾਂ ਤੇ ਯੂਨੀਅਨ ਦੀ ਇਕ ਸਾਂਝੀ ਪੈਨਲ ਮੀਟਿੰਗ ਬੁਲਾਈ ਜਾਵੇ। ਉਨ੍ਹਾਂ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਤੇ ਤੁਰੰਤ ਕਾਰਵਾਈ ਨਾ ਹੋਈ, ਤਾਂ ਪੂਰੇ ਜ਼ਿਲ੍ਹੇ ਦੇ ਭੱਠਿਆਂ ਤੇ ਸੰਪੂਰਨ ਹੜਤਾਲ ਕੀਤੀ ਜਾਵੇਗੀ ਤੇ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਭੱਠਾ ਮਜ਼ਦੂਰਾਂ ਨੂੰ ਮਹਿੰਗਾਈ ਭੱਤੇ ਅਨੁਸਾਰ ਮਜ਼ਦੂਰੀ ਵਿੱਚ 50% ਵਾਧਾ ਕੀਤਾ ਜਾਵੇ। ਚਾਰ ਮਜ਼ਦੂਰ ਵਿਰੋਧੀ ਲੇਬਰ ਕੋਡ ਰੱਦ ਕੀਤੇ ਜਾਣ। ਹਰ ਭੱਠੇ ਤੇ ਰਿਹਾਇਸ਼, ਪੀਣਯੋਗ ਪਾਣੀ ਤੇ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਜਾਣ। ਮਜ਼ਦੂਰਾਂ ਨੂੰ ਈਐੱਸਆਈ (ESI) ਤੇ ਈਪੀਐੱਫ (EPF) ਦੀ ਸਹੂਲਤ ਦਿੱਤੀ ਜਾਵੇ। ਭੱਠਾ ਮਾਲਕਾਂ ਵੱਲੋਂ ਮਜ਼ਦੂਰਾਂ ਦੇ ਕੀਤੇ ਜਾ ਰਹੇ ਆਰਥਿਕ ਤੇ ਮਾਨਸਿਕ ਸ਼ੋਸ਼ਣ ’ਤੇ ਤੁਰੰਤ ਰੋਕ ਲਾਈ ਜਾਵੇ। ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜੀਤ ਸਿੰਘ ਬੋਹਾ, ਜ਼ਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ ਤੇ ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਮਜ਼ਦੂਰਾਂ ਨੂੰ ਅਣਮਨੁੱਖੀ ਹਾਲਾਤ ’ਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜ਼ਿਲ੍ਹੇ ਦੇ ਸਮੂਹ ਭੱਠਾ ਮਜ਼ਦੂਰ 12 ਫਰਵਰੀ ਦੀ ਦੇਸ਼ ਪੱਧਰੀ ਹੜਤਾਲ ’ਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਮਜ਼ਦੂਰ ਆਗੂ ਦਰਸ਼ਨ ਸਿੰਘ ਦਾਨੇਵਾਲ ਨੇ ਵੀ ਮਜ਼ਦੂਰਾਂ ਦੇ ਸੰਘਰਸ਼ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਹੱਕਾਂ ਦੀ ਪ੍ਰਾਪਤੀ ਲਈ ਇਕਜੁੱਟਤਾ ਹੀ ਇੱਕੋ-ਇੱਕ ਰਾਹ ਹੈ।