ਮਾਨਵ ਵਿਕਾਸ ਸੰਸਥਾ ਵੱਲੋਂ ਨਰਮੇ ਦੇ ਖੇਤ ’ਚ ਆਈਪੀਐੱਮ ਸਬੰਧੀ ਸਿਖਲਾਈ ਕਲਾਸ ਮਾਨਵ ਵਿਕਾਸ ਸੰਸਥਾਨ ਵੱਲੋਂ ਪਿੰਡ
Publish Date: Wed, 22 Jul 2026 05:24 PM (IST)
Updated Date: Thu, 23 Jul 2026 04:05 AM (IST)
ਫ਼ੋਟੋ : 07 ਐਮਏਐਨ ਕੈਪਸ਼ਨ : ਖੇਤ ਵਿੱਚ ਆਈਪੀਐਮ ਸਬੰਧੀ ਸਿਖਲਾਈ ਮੌਕੇ ਦੀ ਤਸਵੀਰ। ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ ਝੁਨੀਰ : ਮਾਨਵ ਵਿਕਾਸ ਸੰਸਥਾਨ ਵੱਲੋਂ ਪਿੰਡ ਰਾਏਪੁਰ ਦੇ ਪ੍ਰਗਤੀਸ਼ੀਲ ਕਿਸਾਨ ਗਗਨਦੀਪ ਸਿੰਘ ਦੇ ਨਰਮੇ ਦੇ ਖੇਤ ਵਿੱਚ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ (ਆਈਪੀਐਮ) ਸਬੰਧੀ ਪ੍ਰੈਕਟੀਕਲ ਸਿਖਲਾਈ ਕਲਾਸ ਲਗਾਈ ਗਈ। ਇਸ ਕਲਾਸ ਵਿੱਚ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਵਿੱਚ ਕੀੜਿਆਂ ਦੀ ਪਛਾਣ, ਉਨ੍ਹਾਂ ਦੀ ਨਿਗਰਾਨੀ ਅਤੇ ਵਿਗਿਆਨਕ ਤਰੀਕੇ ਨਾਲ ਪ੍ਰਬੰਧਨ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਕਲਾਸ ਦੌਰਾਨ ਖੇਤ ਵਿੱਚ ਰਸ ਚੂਸਕ ਕੀੜਿਆਂ ਦਾ ਆਰਥਿਕ ਨੁਕਸਾਨ ਪੱਧਰ (ਐਟੀਐੱਲ) ਚੈੱਕ ਕੀਤਾ ਗਿਆ ਅਤੇ ਕਿਸਾਨਾਂ ਨੂੰ ਇਨ੍ਹਾਂ ਕੀੜਿਆਂ ਦੀ ਪਛਾਣ, ਹਮਲੇ ਦੀਆਂ ਨਿਸ਼ਾਨੀਆਂ ਅਤੇ ਸਮੇਂ ਸਿਰ ਨਿਗਰਾਨੀ ਕਰਨ ਦੇ ਤਰੀਕੇ ਸਮਝਾਏ ਗਏ। ਇਸ ਤੋਂ ਇਲਾਵਾ, ਫ਼ਸਲ ਲਈ ਲਾਭਕਾਰੀ ਮਾਸਾਹਾਰੀ ਕੀੜਿਆਂ ਦੀ ਮਹੱਤਤਾ, ਉਨ੍ਹਾਂ ਦੀ ਪਛਾਣ ਅਤੇ ਜੀਵਨ ਚੱਕਰ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਤਾਂ ਜੋ ਕਿਸਾਨ ਬੇਲੋੜੀ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਚ ਸਕਣ। ਪ੍ਰਗਤੀਸ਼ੀਲ ਕਿਸਾਨ ਗਗਨਦੀਪ ਸਿੰਘ ਰਾਏਪੁਰ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਆਪਣੇ ਖੇਤ ਵਿੱਚ ਨਿਯਮਿਤ ਤੌਰ ਤੇ ਆਈਪੀਐਮ ਤਕਨੀਕਾਂ ਅਪਣਾਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਖੇਤ ਦੀ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਹੈ ਤਾਂ ਰਸ ਚੂਸਕ ਕੀੜਿਆਂ ਦਾ ਐਟੀਐੱਲ ਪੱਧਰ ਆਮ ਤੌਰ ਤੇ ਪਾਰ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਖੇਤ ਵਿੱਚ ਕੀਤੀ ਗਈ ਗਿਣਤੀ ਦੌਰਾਨ ਕੁੱਲ 205 ਕੀੜੇ ਮਿਲੇ, ਜਿਨ੍ਹਾਂ ਵਿੱਚੋਂ 163 ਲਾਭਕਾਰੀ ਮਾਸਾਹਾਰੀ ਅਤੇ 42 ਸਾਕਾਹਾਰੀ ਕੀੜੇ ਸਨ। ਇਹ ਅਨੁਪਾਤ ਦਰਸਾਉਂਦਾ ਹੈ ਕਿ ਕੁਦਰਤੀ ਦੁਸ਼ਮਣ ਹਾਨੀਕਾਰਕ ਕੀੜਿਆਂ ਨੂੰ ਕਾਬੂ ਵਿੱਚ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮਾਨਵ ਵਿਕਾਸ ਸੰਸਥਾਨ ਦੇ ਨੁਮਾਇੰਦੇ ਕੁਲਜੀਤ ਸਿੰਘ ਨੇ ਕਿਹਾ ਕਿ ਜੇਕਰ ਕਿਸਾਨ ਆਈਪੀਐਮ ਤਕਨੀਕਾਂ ਨੂੰ ਸਹੀ ਢੰਗ ਨਾਲ ਅਪਣਾਉਣ, ਖੇਤ ਦੀ ਨਿਯਮਿਤ ਨਿਗਰਾਨੀ ਕਰਨ ਅਤੇ ਲਾਭਕਾਰੀ ਕੀੜਿਆਂ ਦੀ ਸੰਭਾਲ ਕਰਨ, ਤਾਂ ਬੇਲੋੜੀ ਕੀਟਨਾਸ਼ਕਾਂ ਦੇ ਛਿੜਕਾਅ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨੂੰ ਅਪਣਾਉਣ ਨਾਲ ਪ੍ਰਤੀ ਏਕੜ ਲਗਭਗ 5,000 ਰੁਪਏ ਤੱਕ ਦੀ ਬਚਤ ਸੰਭਵ ਹੈ, ਨਾਲ ਹੀ ਵਾਤਾਵਰਨ ਦੀ ਸੁਰੱਖਿਆ ਅਤੇ ਫ਼ਸਲ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੁੰਦਾ ਹੈ। ਕਲਾਸ ਵਿੱਚ ਹਾਜ਼ਰ ਕਿਸਾਨਾਂ ਨੇ ਇਸ ਸਿਖਲਾਈ ਨੂੰ ਬਹੁਤ ਲਾਹੇਵੰਦ ਦੱਸਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰਯੋਗਾਤਮਕ ਸਿਖਲਾਈ ਪ੍ਰੋਗਰਾਮ ਕਰਵਾਉਣ ਦੀ ਮੰਗ ਕੀਤੀ।