ਪੰਜਾਬ ’ਚ ਮੌਸਮ ਨੇ ਮੁੜ ਬਦਲੀ ਕਰਵਟ
ਮਾਨਸਾ ਵਿੱਚ ਗੜਿਆਂ ਨਾਲ ਹੋਈ ਵਰਖਾ ਕਾਰਨ
Publish Date: Tue, 27 Jan 2026 06:32 PM (IST)
Updated Date: Wed, 28 Jan 2026 04:08 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮੰਗਲਵਾਰ ਨੂੰ ਸਵੇਰੇ ਹੀ ਅਚਾਨਕ ਪਏ ਮੀਂਹ ਦੇ ਨਾਲ ਗੜਿਆਂ ਦੇ ਕਾਰਨ ਮੌਸਮ ’ਚ ਬਦਲਾਅ ਆਇਆ ਹੈ। ਇਸ ਨਾਲ ਤਾਪਮਾਨ ਵਿਚ ਜਿੱਥੇ ਗਿਰਾਵਟ ਆਈ, ਉਥੇ ਹੀ ਠੰਢ ਵੱਧ ਗਈ ਹੈ। ਅੱਜ ਪਏ ਮੀਂਹ ਦੇ ਕਾਰਨ ਕੁੱਝ ਸੜਕਾਂ ’ਤੇ ਖੜ੍ਹੇ ਪਾਣੀ ਕਾਰਨ ਵੀ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇੱਥੇ ਜ਼ਿਕਰਯੋਗ ਕਿ ਬਸੰਤ ਪੰਚਮੀ ਦੇ ਇਕ ਦਿਨ ਪਹਿਲਾਂ ਅਚਾਨਕ ਪਏ ਮੀਂਹ ਕਾਰਨ ਠੰਢ ਦਾ ਮੌਸਮ ਬਣ ਗਿਆ ਸੀ, ਪਰ ਉਸ ਦੇ ਬਾਅਦ ਤਿੰਨ ਦਿਨ ਪਈ ਧੁੱਪ ਦੇ ਕਾਰਨ ਠੰਢ ਤੋਂ ਰਾਹਤ ਲੋਕਾਂ ਨੂੰ ਮਿਲੀ ਸੀ। ਮੌਸਮ ਕੁੱਝ ਹੱਦ ਤੱਕ ਸਾਧਾਰਨ ਹੋਣ ਲੱਗਿਆ ਸੀ। ਸੋਮਵਾਰ ਸ਼ਾਮ ਨੂੰ ਅਚਾਨਕ ਬੱਦਲ ਛਾ ਗਏ, ਪਰ ਮੰਗਲਵਾਰ ਨੂੰ ਸਵੇਰੇ ਸ਼ੁਰੂ ਹੋਏ ਮੀਂਹ ਦੇ ਨਾਲ-ਨਾਲ ਗੜੇ ਵੀ ਪਏ। ਇਸ ਨਾਲ ਠੰਢ ਵੱਧ ਗਈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਨੇ ਦੱਸਿਆ ਕਿ ਮੀਂਹ ਹਾੜੀ ਦੀਆਂ ਫ਼ਸਲਾਂ ਲਈ ਲਾਹੇਵੰਦ ਹੁੰਦਾ ਹੈ ਅਤੇ ਫ਼ਸਲਾਂ ਦੇ ਵਾਧੇ ਵਿੱਚ ਮਦਦ ਕਰਦਾ ਹੈ।
ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਕਿਤੇ ਗੜੇ ਪੈਂਦੇ ਹਨ, ਤਾਂ ਉਹ ਫ਼ਸਲਾਂ ਲਈ ਨੁਕਸਾਨਦਾਇਕ ਵੀ ਸਾਬਤ ਹੋ ਸਕਦੇ ਹਨ। ਇਸ ਮੌਕੇ ਇਨਵਾਇਰਮੈਂਟ ਸੋਸਾਇਟੀ ਦੇ ਕਨਵੀਨਰ ਅਸ਼ੋਕ ਸਪੋਲੀਏ ਨੇ ਕਿਹਾ ਕਿ ਮਾਨਸਾ ਸ਼ਹਿਰ ’ਚ ਅੱਜ ਗੜੇ ਪਏ ਹਨ, ਪਰ ਇਸ ਨੇ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਹੈ। ਹਿਮਾਚਲ ਪ੍ਰਦੇਸ਼ ਵਰਗੇ ਇਲਾਕਿਆਂ ’ਚ ਬਰਫ਼ ਪੈਂਦੀ ਸੀ, ਪਰ ਪੰਜਾਬ ’ਚ ਬੇਮੌਸਮੇ ਗੜੇ ਪੈ ਰਹੇ ਹਨ। ਅਚਾਨਕ ਗੜਿਆਂ ਦਾ ਪੈਣਾ ਅਜੋਕੇ ਵਿਕਾਸ ਦੀ ਦੇਣ ਹੈ, ਜਦੋਂ ਲਗਾਤਾਰ ਦਰੱਖਤਾਂ ਦੀ ਕੱਟਾਈ ਹੋ ਰਹੀ ਹੈ, ਜਿਸ ਕਾਰਨ ਮੌਸਮ ’ਚ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਹਨ।