ਗੁਰੂ ਨਾਨਕ ਕਾਲਜ ਬੁਢਲਾਡਾ ਦਾ ਨੇ ਕੀਤਾ ਮਹੱਤਵਪੂਰਮ ਸਮਝੌਤਾ ਗੁਰੂ ਨਾਨਕ ਕਾਲਜ ਬੁਢਲਾਡਾ ਨੇ
Publish Date: Thu, 02 Jul 2026 08:58 PM (IST)
Updated Date: Fri, 03 Jul 2026 04:17 AM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਗੁਰੂ ਨਾਨਕ ਕਾਲਜ ਬੁਢਲਾਡਾ ਨੇ ਕੁਆਲਿਟੀ ਨਿਊਜ਼ੀਲੈਂਡ ਐਜੂਕੇਸ਼ਨ ਲਿਮ. ਰਾਹੀਂ ਐਸੋਸੀਏਸ਼ਨ ਆਫ਼ ਚਾਰਟਰਡ ਸਰਟੀਫ਼ਾਈਡ ਅਕਾਉਂਟੈਂਸ (ਏਸੀਸੀਏ-ਯੂਕੇ) ਨਾਲ ਮਹੱਤਵਪੂਰਨ ਸਮਝੌਤਾ (ਐੱਮਓਯੂ) ਕੀਤਾ ਹੈ। ਇਸ ਸਮਝੌਤੇ ਨਾਲ ਹੁਣ ਬੀ.ਕਾਮ ਦੇ ਵਿਦਿਆਰਥੀ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਏਸੀਸੀਏ (ਏਸੀਸੀਏ) ਦੀ ਯੋਗਤਾ ਵੀ ਹਾਸਲ ਕਰ ਸਕਣਗੇ। ਸਮਝੌਤੇ ਤਹਿਤ ਵਿਦਿਆਰਥੀਆਂ ਨੂੰ ਫ਼ੀਸ ਅਤੇ ਪ੍ਰੀਖਿਆਵਾਂ ’ਚ ਵਿਸ਼ੇਸ਼ ਰਾਹਤ ਮਿਲੇਗੀ। ਆਮ ਤੌਰ ਤੇ ਲਗਭਗ 6.50 ਲੱਖ ਰੁਪਏ ਦੀ ਲਾਗਤ ਵਾਲਾ ਏਸੀਸੀਏ ਪ੍ਰੋਗਰਾਮ ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਲਈ ਕੇਵਲ 2.25 ਲੱਖ ਰੁਪਏ ਵਿੱਚ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਏਸੀਸੀਏ ਦੇ ਕੁੱਲ੍ਹ 13 ਪੇਪਰਾਂ ’ਚੋਂ ਕਾਲਜ ਦੇ ਆਟੋਨੌਮਸ ਦਰਜੇ ਕਾਰਨ ਵਿਦਿਆਰਥੀਆਂ ਨੂੰ 6 ਪੇਪਰਾਂ ਦੀ ਛੋਟ ਮਿਲੇਗੀ ਤੇ ਉਨ੍ਹਾਂ ਨੂੰ ਸਿਰਫ਼ 7 ਪੇਪਰ ਹੀ ਪਾਸ ਕਰਨੇ ਪੈਣਗੇ। ਵਿਦਿਆਰਥੀਆਂ ਨੂੰ ਬੀਕਾਮ ਦੀ ਪੜ੍ਹਾਈ ਦੇ ਨਾਲ ਨਾਲ ਅਕਾਉਂਟਿੰਗ ਅਤੇ ਫ਼ਾਇਨੈਂਸ ਖੇਤਰ ਨਾਲ ਸੰਬੰਧਿਤ ਪ੍ਰੈਕਟੀਕਲ ਗਿਆਨ ਵੀ ਦਿੱਤਾ ਜਾਵੇਗਾ। ਕਾਲਜ ਵੱਲੋਂ ਏਸੀਸੀਏ ਕੋਰਸ ਲਈ ਮਾਹਿਰ ਅਤੇ ਤਜਰਬੇਕਾਰ ਫੈਕਲਟੀ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਵਿਦਿਆਰਥੀਆਂ ਨੂੰ ਸਿਧਾਂਤਕ ਅਤੇ ਵਿਹਾਰਕ ਦੋਵੇਂ ਤਰ੍ਹਾਂ ਦੀ ਸਿਖਲਾਈ ਪ੍ਰਦਾਨ ਕਰੇਗੀ। ਕਾਲਜ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਇਹ ਐੱਮਓਯੂ ਸਮਝੌਤਾ ਇਲਾਕੇ ਦੇ ਵਿਦਿਆਰਥੀਆਂ ਲਈ ਕਰੀਅਰ ਦੇ ਨਵੇਂ ਦਰਵਾਜ਼ੇ ਖੋਲ੍ਹੇਗਾ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਕਾਲਜ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਤੇ ਆਤਮ ਨਿਰਭਰ ਬਣਾਉਣ ਲਈ ਵੱਖ-ਵੱਖ ਨਵੇਂ ਕਿੱਤਾ ਮੁਖੀ ਕੋਰਸ ਤੋਂ ਇਲਾਵਾ ਉਦਯੋਗਿਕ ਅਤੇ ਅਕਾਦਮਿਕ ਸੰਸਥਾਵਾਂ ਨਾਲ ਸੈਸ਼ਨ 2026-27 ਵਿਚ ਨਵੇਂ ਐੱਮਓਯੂ ਸਾਈਨ ਕੀਤੇ ਜਾ ਰਹੇ ਹਨ। ਦੱਸਿਆ ਕਿ ਏਸੀਸੀਏ ਦੇ 13 ਵਿੱਚੋਂ 9 ਪੇਪਰ ਪਾਸ ਕਰਨ ਉਪਰੰਤ ਵਿਦਿਆਰਥੀ ਏਸੀਸੀਏ ਦੇ ਗਲੋਬਲ ਮੈਂਬਰ ਬਣਨ ਦੀ ਯੋਗਤਾ ਹਾਸਲ ਕਰ ਸਕਣਗੇ ਅਤੇ ਬਿਗ ਫ਼ੌਰ ਵਰਗੀਆਂ ਅੰਤਰਰਾਸ਼ਟਰੀ ਕੰਪਨੀਆਂ ਵਿੱਚ ਇੰਟਰਨਸ਼ਿਪ ਅਤੇ ਰੁਜ਼ਗਾਰ ਦੇ ਮੌਕਿਆਂ ਲਈ ਯੋਗ ਹੋਣਗੇ। ਅਕਾਊਂਟਿੰਗ ਖੇਤਰ ਦੇ ਮਾਹਿਰਾਂ ਨੇ ਇਸ ਸਮਝੌਤੇ ਨੂੰ ਇਲਾਕੇ ਦੇ ਵਿਦਿਆਰਥੀਆਂ ਲਈ ਇੱਕ ਇਤਿਹਾਸਕ ਅਤੇ ਲਾਭਦਾਇਕ ਪਹਿਲ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਪੇਸ਼ੇਵਰ ਯੋਗਤਾ ਘੱਟ ਲਾਗਤ ਅਤੇ ਘੱਟ ਸਮੇਂ ਵਿੱਚ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਸਮਝੌਤੇ ਤੇ ਦਸਤਖ਼ਤ ਮੌਕੇ ਕੁਆਲਿਟੀ ਨਿਊਜ਼ੀਲੈਂਡ ਐਜੂਕੇਸ਼ਨ ਲਿਮਟਿਡ ਦੇ ਜ਼ੋਨਲ ਹੈੱਡ ਨਿਖਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ, ਅਰਥ ਸਾਸ਼ਤਰ ਵਿਭਾਗ ਦੇ ਮੁਖੀ ਡਾ. ਸੰਦੀਪ ਕੌਰ, ਆਈ.ਕਿਓ.ਸੀ. ਕੋਆਰਡੀਨੇਟਰ ਡਾ. ਰਿਸ਼ੀ ਕੁਮਾਰ, ਏ.ਆਰ. ਸਿਮਰਨਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਇੰਜੀਨੀਅਰ ਅਨੂਪ ਸਿੰਘ ਹਾਜ਼ਰ ਸਨ।