ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਗੁਰੂ ਨਾਨਕ ਕਾਲਜ, ਬੁਢਲਾਡਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਸਐਸ ਕਾਲਜ ਆਫ਼ ਐਜੂਕੇਸ਼ਨ ਭੀਖੀ ਵਿਖੇ ਕਰਵਾਏ ਗਏ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਆਪਣੀ ਕਲਾ ਅਤੇ ਹੁਨਰ ਦਾ ਲੋਹਾ ਮਨਵਾਉਂਦਿਆਂ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਕਾਲਜ ਨੇ ਆਪਣੀ ਬਾਦਸ਼ਾਹਤ ਬਰਕਰਾਰ ਰੱਖਦਿਆਂ ਲਗਾਤਾਰ 12ਵੀਂ ਵਾਰ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ ਜਿੱਤ ਮਾਲਵਾ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਨੂੰ ਹੋਰ ਗੂੜ੍ਹਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਵੱਕਾਰੀ ਤੇ ਸਖ਼ਤ ਮੁਕਾਬਲੇ ਵਾਲੇ ਯੁਵਕ ਮੇਲੇ ਵਿੱਚ ਜ਼ਿਲ੍ਹਾ ਮਾਨਸਾ ਤੇ ਬਠਿੰਡਾ ਦੇ ਵੱਖ-ਵੱਖ 43 ਨਾਮਵਰ ਕਾਲਜਾਂ ਨੇ ਸ਼ਿਰਕਤ ਕੀਤੀ ਜਿਸ ਵਿਚ ਭਾਗ ਲੈਣ ਵਾਲੀਆਂ ਸੰਸਥਾਵਾਂ ਨੂੰ ਪਛਾੜਦਿਆਂ, ਗੁਰੂ ਨਾਨਕ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੇ ਛੇ ਪ੍ਰਮੁੱਖ ਖੇਤਰਾਂ ਸੰਗੀਤਕ ਕਲਾਵਾਂ, ਸਾਹਿਤਕ ਕਲਾਵਾਂ, ਨਾਚ ਕਲਾਵਾਂ, ਲੋਕ ਕਲਾਵਾਂ, ਕੋਮਲ ਕਲਾਵਾਂ ਅਤੇ ਰੰਗਮੰਚ ਕਲਾਵਾਂ ਵਿੱਚ ਓਵਰਆਲ ਪਹਿਲਾ ਸਥਾਨ ਪ੍ਰਾਪਤ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਯੁਵਕ ਮੇਲੇ ਵਿਚ 52 ਵੰਨਗੀਆਂ ਵਿਚ ਪਹਿਲਾ ਸਥਾਨ ਹਾਸਿਲ ਕਰਨਾ ਕੋਈ ਛੋਟੀ ਗੱਲ ਨਹੀਂ ਹੈ ਇਹ ਵਿਦਿਆਰਥੀਆਂ ਦੀ ਦਿਨ-ਰਾਤ ਦੀ ਅਣਥੱਕ ਮਿਹਨਤ, ਲਗਨ, ਅਨੁਸ਼ਾਸਨ ਅਤੇ ਟੀਮ ਵਰਕ ਦੇ ਨਾਲ-ਨਾਲ ਅਧਿਆਪਕਾਂ ਦੀ ਸੁਯੋਗ ਅਗਵਾਈ ਦਾ ਹੀ ਨਤੀਜਾ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਿੱਦਿਆ, ਇੰਜ. ਸੁਖਮਿੰਦਰ ਸਿੰਘ ਜੀ ਦਾ ਵੀ ਉਚੇਚੇ ਤੌਰ ਤੇ ਧੰਨਵਾਦ ਕੀਤਾ। ਪ੍ਰੋ. ਗੁਰਦੀਪ ਸਿੰਘ ਕਾਲਜ ਦੇ ਯੁਵਕ ਭਲਾਈ ਕੋਆਰਡੀਨੇਟਰ ਨੇ ਦੱਸਿਆ ਕਿ ਕਾਲਜ ਨੇ ਬਵੰਜਾ ਵੰਨਗੀਆਂ ਨਾਚ ਕਲਾਵਾਂ: ਭੰਗੜਾ, ਗਿੱਧਾ, ਲੁੱਡੀ ਅਤੇ ਕਲਾਸੀਕਲ ਡਾਂਸ, ਸੰਗੀਤਕ ਕਲਾਵਾਂ: ਗਰੁੱਪ ਸ਼ਬਦ, ਗਰੁੱਪ ਸੌਂਗ ਇੰਡੀਅਨ, ਗ਼ਜ਼ਲ, ਗੀਤ, ਵੈਸਟਰਨ ਗਰੁੱਪ ਸੌਂਗ, ਵੈਸਟਰਨ ਸੋਲੋ, ਵੈਸਟਰਨ ਇੰਸਟਰੂਮੈਂਟ ਸੋਲੋ, ਪ੍ਰਕਸ਼ਨ, ਨਾਨ-ਪ੍ਰਕਸ਼ਨ, ਕਲਾਸੀਕਲ ਵੋਕਲ ਅਤੇ ਫੋਕ ਆਰਕੈਸਟਰਾ, ਰੰਗਮੰਚ ਕਲਾਵਾਂ: ਨਾਟਕ, ਸਕਿੱਟ, ਮਿਮਿਕਰੀ, ਨੁੱਕੜ ਨਾਟਕ, ਭੰਡ, ਲਘੂ ਫ਼ਿਲਮ ਅਤੇ ਕੋਰੀਓਗ੍ਰਾਫੀ, ਸਾਹਿਤਕ ਕਲਾਵਾਂ: ਕਵਿਤਾ ਉਚਾਰਨ, ਡਿਬੇਟ, ਜਨਰਲ ਕੁਇਜ਼ ਅਤੇ ਸੱਭਿਆਚਾਰਕ ਕੁਇਜ਼, ਕੋਮਲ ਕਲਾਵਾਂ: ਇੰਸਟਾਲੇਸ਼ਨ, ਮਹਿੰਦੀ, ਮੌਕੇ ’ਤੇ ਚਿੱਤਰਕਾਰੀ, ਕਾਰਟੂਨਿੰਗ, ਫੋਟੋਗ੍ਰਾਫੀ ਤੇ ਕੋਲਾਜ ਮੇਕਿੰਗ ਅਤੇ ਲੋਕ ਅਤੇ ਵਿਰਾਸਤੀ ਕਲਾਵਾਂ: ਲੋਕ ਗੀਤ, ਲੋਕ ਸਾਜ਼, ਵਾਰ, ਕਲੀ, ਕਵੀਸ਼ਰੀ, ਕੱਵਾਲੀ, ਲੰਮੀਆਂ ਹੇਕਾਂ ਵਾਲੇ ਗੀਤ, ਕਢਾਈ, ਪੱਖੀ ਬੁਣਨਾ, ਨਾਲਾ ਬੁਣਨਾ, ਪੀੜ੍ਹੀ ਬੁਣਨਾ, ਰੱਸਾ ਵੱਟਣਾ, ਖਿੱਦੋ ਬਣਾਉਣਾ, ਕਰੋਸ਼ੀਏ ਦੀ ਬੁਣਤੀ, ਪਰਾਂਦਾ ਮੇਕਿੰਗ, ਈਨੂੰ ਬਣਾਉਣਾ, ਟੋਕਰਾ ਬਣਾਉਣਾ, ਛਿੱਕੂ ਬਣਾਉਣਾ ਤੇ ਗੁੱਡੀਆਂ-ਪਟੋਲੇ ਬਣਾਉਣਾ ਵਿਚ ਪਹਿਲਾ ਸਥਾਨ, ਪੰਜ ਵੰਨਗੀਆਂ ਮਾਈਮ, ਮੁਹਾਵਰੇਦਾਰ ਵਾਰਤਾਲਾਪ, ਕਲੇਅ ਮਾਡਲਿੰਗ, ਸੰਮੀ ਅਤੇ ਪਹਿਰਾਵਾ ਪ੍ਰਦਰਸ਼ਨੀ ਵਿਚ ਦੂਜਾ ਸਥਾਨ ਅਤੇ ਦੋ ਵੰਨਗੀਆਂ ਰੰਗੋਲੀ ਤੇ ਮਿੱਟੀ ਦੇ ਖਿਡੌਣੇ ਬਣਾਉਣ ਦੇ ਮੁਕਾਬਲਿਆਂ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਕੋ-ਕੋਆਰਡੀਨੇਟਰ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਜਨੂੰਨ ਅਤੇ ਅਨੁਸ਼ਾਸਨ ਦੀ ਵੱਡੀ ਜਿੱਤ ਹੈ।