ਕਾਲਜ ’ਚ ਨੈਤਿਕ ਕਦਰਾਂ-ਕੀਮਤਾਂ 'ਤੇ ਕਰਵਾਇਆ ਭਾਸ਼ਣ
ਗੁਰੂ ਨਾਨਕ ਕਾਲਜ ਬੁਢਲਾਡਾ ’ਚ
Publish Date: Wed, 18 Feb 2026 07:43 PM (IST)
Updated Date: Thu, 19 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਉੱਤਰੀ ਭਾਰਤ ਦੀ ਸਿਰਮੌਰ ਤੇ ਆਟੋਨੌਮਸ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ, ਬੁਢਲਾਡਾ ਵਿਖੇ ਧਰਮ ਅਧਿਐਨ ਵਿਭਾਗ ਵੱਲੋਂ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਸਦਾਚਾਰਿਕ ਤੇ ਨੈਤਿਕ ਕਦਰਾਂ ਕੀਮਤਾਂ 'ਤੇ ਇਕ ਦਿਨਾ ਵਿਸ਼ੇਸ਼ ਲੈਕਚਰ ਕਰਵਾਇਆ, ਜਿਸ ਵਿੱਚ ਭਾਈ ਰਾਜਪਾਲ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਜੀ ਆਇਆਂ ਨੂੰ ਆਖਦਿਆਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਅੱਜ ਨੈਤਿਕ ਤੇ ਸਦਾਚਾਰਕ ਕਦਰਾਂ ਕੀਮਤਾਂ ਦਾ ਪ੍ਰਚਾਰ ਅਤੇ ਪ੍ਰਸਾਰ ਸਮੇਂ ਦੀ ਮੁੱਖ ਲੋੜ ਹੈ। ਵਿਦਿਆਰਥੀਆਂ ਵਿੱਚ ਸਦਾਚਾਰਿਕ ਕਦਰਾਂ ਕੀਮਤਾਂ ਭਰਨ ਲਈ ਸੰਸਥਾ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਂਦੇ ਹਨ। ਜਿਨ੍ਹਾਂ ਦਾ ਵਿਦਿਆਰਥੀਆਂ ਦੇ ਜੀਵਨ ਵਿੱਚ ਮੁੱਖ ਮਹੱਤਵ ਹੁੰਦਾ ਹੈ। ਭਾਈ ਰਾਜਪਾਲ ਸਿੰਘ ਨੇ ਆਪਣੇ ਲੈਕਚਰ ਵਿਚ ਵਿਦਿਆਰਥੀਆਂ ਨੂੰ ਜੀਵਨ ਦਾ ਅਸਲ ਮਕਸਦ ਅਤੇ ਜੀਵਨ ਨੂੰ ਜਿਉਣ ਦਾ ਸਹੀ ਢੰਗ ਤਰੀਕਾ ਦੱਸਿਆ। ਭਾਸ਼ਣ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸਵਾਲ ਜਵਾਬ ਕੀਤੇ ਤੇ ਢੁੱਕਵੇਂ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਨਿੱਜੀ ਜ਼ਿੰਦਗੀ ਵਿੱਚੋਂ ਛੋਟੀਆਂ ਛੋਟੀਆਂ ਖੁਸ਼ੀਆਂ ਲੱਭਣੀਆਂ ਚਾਹੀਦੀਆਂ ਹਨ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਅਧਿਆਪਕ ਸਾਹਿਬਾਨ ਤੇ ਵਿਦਿਆਰਥੀ ਹਾਜ਼ਰ ਸਨ। ਡਾ. ਰਾਜਿੰਦਰ ਕੌਰ ਨੇ ਭਾਈ ਰਾਜਪਾਲ ਸਿੰਘ ਦਾ ਕਾਲਜ ਪੁੱਜਣ ਅਤੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਤੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਵੀ ਪ੍ਰੇਰਿਆ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਜ਼ਿੰਦਗੀ ’ਚ ਰਾਹਦਸੇਰੇ ਵਜੋਂ ਭੂਮਿਕਾ ਨਿਭਾਉਂਦੇ ਹਨ।