ਨਵੀਂ ਸਿੱਖਿਆ ਨੀਤੀ-2020 ਰੱਦ ਕਰੋ ਤੇ ਸਿੱਖਿਆ ਨੀਤੀ ਬਣਾਉਣ ਦਾ ਹੱਕ ਸੂਬਿਆਂ ਨੂੰ ਦਿਓ
ਇਨਕਲਾਬੀ ਨੌਜਵਾਨ ਸਭਾ ਪੰਜਾਬ ਅਤੇ ਆਲ
Publish Date: Sun, 29 Mar 2026 07:17 PM (IST)
Updated Date: Mon, 30 Mar 2026 04:09 AM (IST)

-ਹਰ ਇਕ ਲਈ ਯੋਗਤਾ ਮੁਤਾਬਕ ਰੁਜ਼ਗਾਰ ਦੀ ਗਾਰੰਟੀ ਹੋਵੇ ਪੱਕੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਇਨਕਲਾਬੀ ਨੌਜਵਾਨ ਸਭਾ ਪੰਜਾਬ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ 23 ਮਾਰਚ ਤੋਂ 14 ਅਪ੍ਰੈਲ ਤੱਕ ਰੁਜ਼ਗਾਰ ਅਧਿਕਾਰ ਗਰੰਟੀ ਐਕਟ ਬਣਾਏ ਜਾਣ ਅਤੇ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਦਿਆਂ ਸੂਬਿਆਂ ਨੂੰ ਸਿੱਖਿਆ ਤੇ ਨੀਤੀ ਬਣਾਉਣ ਦਾ ਹੱਕ ਦਿੱਤੇ ਜਾਣ ਦੇ ਸੁਆਲ ਨੂੰ ਉਭਾਰਦਿਆਂ ਚਲਾਈ ਜਾ ਰਹੀ ਮੁਹਿੰਮ ਦੀ ਅਗਲੀ ਵਿਉਂਤਬੰਦੀ ਲਈ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿਖੇ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਭੀਖੀ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਇਨਕਲਾਬੀ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਪਰੋਚਾ ਅਤੇ ਜ਼ਿਲ੍ਹਾ ਸਕੱਤਰ ਰਾਜਦੀਪ ਸਿੰਘ ਗੇਹਲੇ ਨੇਂ ਕਿਹਾ ਕਿ ਅੱਜ ਕੇਂਦਰ ਦੀ ਮੋਦੀ ਸਰਕਾਰ ਆਪਣੇਂ ਹਰ ਸਾਲ ਦੋ ਕਰੋੜ ਰੁਜ਼ਗਾਰ ਦੇਣ ਦੇ ਵਾਅਦੇ ਦੇ ਉਲਟ ਭੁਗਤਦਿਆਂ ਸਰਮਾਏਦਾਰੀ ਲਈ ਸਸਤੀ ਲੇਬਰ ਪੈਦਾ ਕਰਕੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ। ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਪੰਜਾਬ ਸਰਕਾਰ ਵੀ ਆਪਣਾ ਘਰ ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਨਾ ਕਰਨਾ ਨਿਗੂਣੀਆਂ ਭਰਤੀਆਂ ਕੱਢ ਕੇ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਦਿਆਂ ਕੇਂਦਰ ਸਰਕਾਰ ਦੇ ਸਿੱਖਿਆ ਦੇ ਨਿੱਜੀਕਰਨ ਦੇ ਏਜੰਡੇ ਦੀ ਪੂਰਤੀ ਕਰ ਰਹੀ ਹੈ, ਜਿਸਦੇ ਸਿੱਟੇ ਵਜੋਂ ਦੇਸ਼ ਅਤੇ ਪੰਜਾਬ ਦੀ ਜਵਾਨੀ ਅੱਜ ਬੇਰੁਜ਼ਗਾਰੀ ਦੇ ਕਾਰਨ ਗਰੀਬੀ, ਭੁੱਖਮਰੀ ਅਤੇ ਨਸ਼ਾਖੋਰੀ ਵਰਗੀਆਂ ਅਲਾਮਤਾਂ ਵਿੱਚ ਫ਼ਸਦੀ ਜਾ ਰਹੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਦੋਵੇਂ ਜਥੇਬੰਦੀਆਂ ਵੱਲੋਂ 23 ਮਾਰਚ ਤੋਂ 14 ਅਪ੍ਰੈਲ ਤੱਕ ਹਰ ਇੱਕ ਲਈ ਯੋਗਤਾ ਮੁਤਾਬਿਕ ਰੁਜ਼ਗਾਰ ਦੀ ਗਰੰਟੀ ਲਈ ਰੁਜ਼ਗਾਰ ਅਧਿਕਾਰ ਗਰੰਟੀ ਐਕਟ ਬਣਾਏ ਜਾਣ, ਕੰਮ ਦੇ ਘੰਟੇ 8 ਤੋਂ ਘਟਾ ਕੇ 6 ਕੀਤੇ ਜਾਣ, ਕੰਮ ਹਫ਼ਤਾ 5 ਦਿਨਾਂ ਦਾ ਕੀਤਾ ਜਾਵੇ, ਸਰਕਾਰੀ/ਪ੍ਰਾਈਵੇਟ ਅਦਾਰਿਆਂ ਵਿੱਚ ਘੱਟ ਤੋਂ ਘੱਟ ਤਨਖ਼ਾਹ 50,000/- ਦਿੱਤਾ ਜਾਵੇ, ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਵਾਏ ਜਾਣ ਅਤੇ ਸੂਬਿਆਂ ਨੂੰ ਸਿੱਖਿਆ ਉੱਤੇ ਨੀਤੀ ਬਣਾਉਣ ਦਾ ਹੱਕ ਦਿੱਤਾ ਜਾਵੇ, ਜਨਤਕ ਅਦਾਰਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਮੁਫ਼ਤਖੋਰੀ ਅਤੇ ਨਸ਼ਾਖੋਰੀ ਬੰਦ ਕੀਤੀ ਜਾਵੇ ਦੇ ਸੁਆਲਾਂ ਨੂੰ ਉਭਾਰਦਿਆਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ,ਕਸਬਿਆਂ ਅਤੇ ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀ ਨੌਜਵਾਨਾਂ ਨੂੰ ਲਾਮਬੰਦ ਕਰਦਿਆਂ 14 ਅਪ੍ਰੈਲ ਨੂੰ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਇਸ ਮੌਕੇ ਇਨਕਲਾਬੀ ਨੌਜਵਾਨ ਸਭਾ ਪੰਜਾਬ ਦੇ ਸੂਬਾ ਆਗੂ ਹੈਪੀ ਮਾਨ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਚੋਟੀਆਂ, ਜ਼ਿਲ੍ਹਾ ਸਹਾਇਕ ਸਕੱਤਰ ਗਗਨਦੀਪ ਸਿੰਘ ਜਟਾਣਾਂ ਕਲਾਂ, ਸਹਾਇਕ ਪ੍ਰੈੱਸ ਸਕੱਤਰ ਹਰਦਮ ਸਿੰਘ ਗੇਹਲੇ, ਜ਼ਿਲ੍ਹਾ ਕਮੇਟੀ ਮੈਂਬਰ ਰਾਮ ਸਿੰਘ ਗੁੜੱਦੀ, ਦੀਪਕ ਗੋਇਲ ਮਾਨਸਾ, ਗੁਰਪ੍ਰੀਤ ਸਿੰਘ ਦੂਲੋਵਾਲ, ਹਰਕਮਲ ਸਿੰਘ ਮਾਨਸਾ, ਨਿਰਭੈ ਸਿੰਘ ਬੁਰਜ ਹਰੀ ਨੇਂ ਵੀ ਸੰਬੋਧਨ ਕੀਤਾ।