ਸਰਕਾਰਾਂ ਗਲੀਆਂ, ਨਾਲੀਆਂ ਤੱਕ ਸੀਮਤ, ਲੋਕਾਂ ਦੇ ਮਾਨਸਿਕ ਵਿਕਾਸ ਵੱਲ ਕੋਈ ਧਿਆਨ ਨਹੀਂ : ਦਰਸ਼ਨ ਸਿੰਘ ਜਟਾਣਾ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ
Publish Date: Wed, 21 Oct 2026 04:42 PM (IST)
Updated Date: Wed, 21 Oct 2026 04:45 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਦਾ ਧਿਆਨ ਸਿਰਫ਼ ਗਲੀਆਂ, ਨਾਲੀਆਂ ਬਣਾਉਣ ਅਤੇ ਮੁਫ਼ਤ ਸਹੂਲਤਾਂ ਦੇਣ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਲੋਕਾਂ ਦੇ ਮਾਨਸਿਕ ਵਿਕਾਸ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕਦੇ ਦਾਲਾਂ ਅਤੇ ਕਦੇ ਹੋਰ ਵਸਤਾਂ ਮੁਫ਼ਤ ਦੇਣ ਦੇ ਐਲਾਨ ਕਰਕੇ ਲੋਕਾਂ ਨੂੰ ਸਿਰਫ਼ ਮੰਗਣ ਵਾਲੇ ਪਾਸੇ ਹੀ ਤੋਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਆਮ ਲੋਕਾਂ ਦੀ ਸਰਕਾਰਾਂ ਕੋਲ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਲੋਕਾਂ ਦੀ ਹਕੂਮਤਾਂ ਅੱਗੇ ਕੋਈ ਪੇਸ਼ ਨਹੀਂ ਚੱਲਦੀ ਤਾਂ ਉਨ੍ਹਾਂ ਕੋਲ ਵੋਟਾਂ ਰਾਹੀਂ ਸਰਕਾਰ ਬਦਲਣ ਦਾ ਹੀ ਇੱਕ ਬਦਲ ਰਹਿ ਜਾਂਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਹੱਕਾਂ ਲਈ ਖੜ੍ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ। ਦਰਸ਼ਨ ਸਿੰਘ ਜਟਾਣਾ ਨੇ ਕਿਹਾ ਕਿ ਸਰਕਾਰਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਅਲਾਮਤਾਂ ਨੂੰ ਖ਼ਤਮ ਕਰਨ ਅਤੇ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਲੋਕ ਸੁਰੱਖਿਅਤ ਮਾਹੌਲ ਵਿੱਚ ਆਪਣਾ ਜੀਵਨ ਬਤੀਤ ਕਰ ਸਕਣ ਅਤੇ ਸਮਾਜ ਵਿੱਚ ਅਮਨ-ਸ਼ਾਂਤੀ ਕਾਇਮ ਰਹੇ।