ਵੈਟਰਨਰੀ ਅਫ਼ਸਰ ਨੇ ਬੱਕਰੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਦੱਸੇ ਨੁਕਤੇ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
Publish Date: Wed, 21 Jan 2026 08:07 PM (IST)
Updated Date: Thu, 22 Jan 2026 04:13 AM (IST)
-ਕ੍ਰਿਸ਼ੀ ਵਿਗਿਆਨ ਕੇਂਦਰ ’ਚ ਕਰਵਾਇਆ ਬੱਕਰੀ ਪਾਲਣ ਕੋਰਸ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਰਪ੍ਰਸਤੀ ਅਧੀਨ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਬੱਕਰੀ ਪਾਲਣ ਸਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ 14 ਜਨਵਰੀ ਤੋਂ 20 ਜਨਵਰੀ ਤੱਕ ਕਰਵਾਇਆ। ਇਸ ਵਿਚ 38 ਕਿਸਾਨ ਵੀਰਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ।
ਇਸ ਦੌਰਾਨ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਬੱਕਰੀ ਪਾਲਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਵਿਗਿਆਨਕ ਲੀਹਾਂ ’ਤੇ ਬੱਕਰੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ। ਰਜਿਸਟ੍ਰੇਸ਼ਨ ਬਾਅਦ ਪਹਿਲੇ ਦਿਨ ਬੱਕਰੀ ਪਾਲਣ ਬਾਰੇ ਸਿਖਿਆਰਥੀਆਂ ਦੇ ਗਿਆਨ ਪੱਧਰ ਦੀ ਜਾਂਚ ਕਰਨ ਲਈ ਇੱਕ ਪ੍ਰੀ-ਟ੍ਰੇਨਿੰਗ ਟੈਸਟ ਲਿਆ ਗਿਆ। ਸਿਖਲਾਈ ਪ੍ਰੋਗਰਾਮ ਕੋਆਰਡੀਨੇਟਰ ਡਾ. ਅਜੈ ਸਿੰਘ, ਸਹਿਯੋਗੀ ਪ੍ਰੋਫ਼ੈਸਰ (ਪਸ਼ੂ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਬੱਕਰੀ ਪਾਲਣ ਸਬੰਧੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ ਗਈ।
ਇਸ ਵਿਚ ਬੱਕਰੀਆਂ ਦੀ ਮੁੱਖ ਨਸਲਾਂ, ਬੱਕਰੀ ਦਾ ਸੁਚੱਜਾ ਪ੍ਰਜਨਣ ਪ੍ਰਬੰਧ, ਬੱਕਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਅਤੇ ਸਾਜੋ-ਸਾਮਾਨ, ਬੱਕਰੀਆਂ ਦੀ ਖੁਰਾਕ ਤਿਆਰ ਕਰਨਾ, ਬੱਕਰੀ ਦਾ ਮੰਡੀਕਰਨ ਆਦਿ ਸ਼ਾਮਿਲ ਸੀ। ਪਸ਼ੂ ਪਾਲਣ ਵਿਭਾਗ ਮਾਨਸਾ ਤੋਂ ਡਾ. ਅਕਸ਼ੈ ਗੋਇਲ, ਵੈਟਰਨਰੀ ਅਫ਼ਸਰ ਵੱਲੋਂ ਬੱਕਰੀਆਂ ਦੀ ਬਿਮਾਰੀਆਂ ਤੋਂ ਬਚਾਅ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ ਗਏ।
ਵਿਭਾਗ ਵੱਲੋਂ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਪ੍ਰਭਦਿਆਲ ਸਿੰਘ, ਮੱਛੀ ਪਾਲਣ ਅਧਿਕਾਰੀ, ਮਾਨਸਾ ਨੇ ਏਕੀਕ੍ਰਿਤ / ਸੰਯੁਕਤ ਬੱਕਰੀ ਅਤੇ ਮੱਛੀ ਪਾਲਣ ਬਾਰੇ ਜਾਣਕਾਰੀ ਦਿੱਤੀ। ਸਟੇਟ ਬੈਂਕ ਆਫ਼ ਇੰਡੀਆ ਤੋਂ ਲੀਡ ਬੈਂਕ ਅਫ਼ਸਰ ਰਜਤ ਕੁਮਾਰ ਨੇ ਸਹਾਇਕ ਧੰਦਿਆਂ ਲਈ ਲੋਨ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਕਿਸਾਨ ਕ੍ਰੈਡਿਟ ਕਾਰਡ ਅਤੇ ਐਗਰੀ-ਇਨਫਰਾ ਫੰਡ ਵਰਗੀਆਂ ਘੱਟ-ਵਿਆਜ ਵਾਲੀਆਂ ਸਕੀਮਾਂ ਸ਼ਾਮਲ ਹਨ, ਜੋ ਬੱਕਰੀ ਪਾਲਣ ਕੰਮਾਂ ਲਈ ਲਚੀਲੇ ਭੁਗਤਾਨ ਵਿਕਲਪਾਂ ਨਾਲ ਤਿਆਰ ਕੀਤੀਆਂ ਗਈਆਂ ਹਨ। ਕਿੱਤਾ ਮੁਖੀ ਸਿਖਲਾਈ ਪ੍ਰੋਗਰਾਮ ਬੱਕਰੀ ਪਾਲਣ ਬਾਰੇ ਸਿਖਿਆਰਥੀਆਂ ਦੇ ਗਿਆਨ ਪੱਧਰ ਵਿੱਚ ਵਾਧੇ ਨੂੰ ਜਾਣਨ ਲਈ ਇਕ ਪੋਸਟ ਟ੍ਰੇਨਿੰਗ ਟੈਸਟ ਦੇ ਨਾਲ ਸਮਾਪਤ ਹੋਇਆ। ਬੱਕਰੀ ਪਾਲਣ ਅਤੇ ਪਸ਼ੂ ਪਾਲਣ ਬਾਰੇ ਨਵੀਨਤਮ ਗਿਆਨ ਸਾਂਝਾ ਕਰਨ ਲਈ ਇੱਕ ਵਟਸਐਪ ਗਰੁੱਪ ਵੀ ਬਣਾਇਆ ਗਿਆ ਹੈ। ਸਿਖਿਆਰਥੀਆਂ ਨੇ ਬੱਕਰੀ ਪਾਲਣ ਬਾਰੇ ਚੰਗੀ ਦਿਲਚਸਪੀ ਦਿਖਾਈ ਅਤੇ ਲਾਭ ਦਾ ਇਕ ਜਾਣਕਾਰੀ ਸਾਂਝੀ ਕੀਤੀ।