ਖੇਡਾਂ ਵਤਨ ਪੰਜਾਬ ਦੀਆਂ ’ਚ ਸਰਕਾਰੀ ਸਕੂਲ ਗੁਰਨੇ ਕਲਾਂ ਦੀਆਂ ਧੀਆਂ ਨੇ ਗੱਡੇ ਜਿੱਤ ਦੇ ਝੰਡੇ ਮੋਹਾਲੀ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ
Publish Date: Tue, 13 Oct 2026 04:40 PM (IST)
Updated Date: Tue, 13 Oct 2026 04:41 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਮੋਹਾਲੀ ਵਿਖੇ ਕਰਵਾਈਆਂ ਗਈਆਂ ਰਾਜ ਪੱਧਰੀ ਖੇਡਾਂ ਵਿੱਚ ਸਰਕਾਰੀ ਸਕੂਲ ਗੁਰਨੇ ਕਲਾਂ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਤਗਮੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਇਨ੍ਹਾਂ ਮੁਕਾਬਲਿਆਂ ਵਿਚ ਸੁਖਪ੍ਰੀਤ ਕੌਰ ਨੇ ਸੋਨ ਤਮਗਾ, ਜੈਸਮੀਨ ਕੌਰ ਨੇ ਚਾਂਦੀ ਦਾ ਤਮਗਾ ਅਤੇ ਪਲਕ ਨੇ ਕਾਂਸੀ ਦਾ ਤਮਗਾ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਸੋਨ, ਚਾਂਦੀ ਅਤੇ ਕਾਂਸੀ ਦੇ ਤਗਮਿਆਂ ਨਾਲ ਚਮਕੀਆਂ ਵਿਦਿਆਰਥਣਾਂ ਕਰਾਟੇ ਮੁਕਾਬਲਿਆਂ ਵਿੱਚ ਅੰਡਰ-14 ਵਰਗ ਦੇ-26 ਕਿਲੋਗ੍ਰਾਮ ਭਾਰ ਵਰਗ ਵਿੱਚ ਮੇਘਾ ਸਿੰਘ ਦੀ ਪੁੱਤਰੀ ਸੁਖਪ੍ਰੀਤ ਕੌਰ ਨੇ ਸੋਨ ਤਮਗਾ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ਲਈ ਉਸ ਨੂੰ 10,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਅੰਡਰ-14 ਵਰਗ ਦੇ-50 ਕਿਲੋਗ੍ਰਾਮ ਭਾਰ ਵਰਗ ਵਿੱਚ ਜੈਸਮੀਨ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ ਤੇ 7,000 ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ। ਅੰਡਰ-17 ਵਰਗ ਦੇ-60 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਮ ਸੁੰਦਰ ਦੀ ਪੁੱਤਰੀ ਪਲਕ ਨੇ ਕਾਂਸੀ ਦਾ ਤਮਗਾ ਜਿੱਤ ਕੇ 5,000 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। ਇਸ ਤਰ੍ਹਾਂ ਤਿੰਨਾਂ ਵਿਦਿਆਰਥਣਾਂ ਨੇ ਕੁੱਲ 22,000 ਰੁਪਏ ਦੇ ਨਕਦ ਇਨਾਮ ਜਿੱਤ ਕੇ ਸਕੂਲ ਲਈ ਮਾਣਮੱਤੀ ਪ੍ਰਾਪਤੀ ਦਰਜ ਕੀਤੀ। ਇਸ ਮਾਣਮੱਤੀ ਪ੍ਰਾਪਤੀ ਤੇ ਸਕੂਲ ਮੁਖੀ ਮਨਦੀਪ ਕੁਮਾਰ, ਸੀਐੱਚਟੀ ਜੁਗਰਾਜ ਸਿੰਘ, ਬਲਾਕ ਸੰਮਤੀ ਮੈਂਬਰ ਤਰਸੇਮ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ, ਸੰਦੀਪ ਕੁਮਾਰ ਹੈਡ ਟੀਚਰ ਕਸ਼ਮੀਰ ਸਿੰਘ ਔਲਖ ਹੈਡ ਟੀਚਰ ਅਤੇ ਸਮਾਜ ਸੇਵੀ ਡਾਕਟਰ ਸਿਸਨ ਤੇ ਡਾਕਟਰ ਟੋਨੀ ਨੇ ਖਿਡਾਰਨਾਂ, ਉਨ੍ਹਾਂ ਦੇ ਮਾਪਿਆਂ ਤੇ ਕੋਚ ਅੰਮ੍ਰਿਤਪਾਲ ਕੌਰ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਮੰਚ ਸੰਚਾਲਨ ਪਿਆਰਾ ਸਿੰਘ ਗੁਰਨੇ ਕਲਾਂ ਨੇ ਬਾਖੂਬੀ ਨਿਭਾਇਆ।