ਦੇਰੀ ਨਾਲ ਮਿਲ ਰਹੇ ਓਟੀਪੀ ਤੋਂ ਗੈਸ ਖਪਤਕਾਰ ਪ੍ਰੇਸ਼ਾਨ, ਏਜੰਸੀਆਂ ਦੇ ਚੱਕਰ ਕੱਟਣ ਨੂੰ ਮਜਬੂਰ ਦੇਰੀ ਨਾਲ ਮਿਲ ਰਹੇ ਓਟੀਪੀ ਤੋਂ ਗੈਸ ਖਪਤਕਾਰ ਪ੍ਰੇਸ਼ਾਨ, ਏਜੰਸੀਆਂ ਦੇ ਚੱਕਰ ਕੱਟਣ ਨੂੰ ਮਜਬੂਰ
Publish Date: Thu, 22 Oct 2026 06:50 PM (IST)
Updated Date: Thu, 22 Oct 2026 06:51 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਰਸੋਈ ਗੈਸ ਸਿਲੰਡਰ ਦੀ ਬੁਕਿੰਗ ਤੋਂ ਬਾਅਦ ਓਟੀਪੀ (ਵਨ ਟਾਈਮ ਪਾਸਵਰਡ) ਸਮੇਂ ਸਿਰ ਨਾ ਮਿਲਣ ਕਾਰਨ ਖਪਤਕਾਰ ਭਾਰੀ ਪ੍ਰੇਸ਼ਾਨੀ ਝੱਲ ਰਹੇ ਹਨ। ਬੁਕਿੰਗ ਕਰਵਾਉਣ ਦੇ ਕਈ-ਕਈ ਦਿਨ ਲੰਘ ਜਾਣ ਮਗਰੋਂ ਵੀ ਓਟੀਪੀ ਮੋਬਾਈਲ ਤੇ ਨਹੀਂ ਪਹੁੰਚਦਾ, ਜਿਸ ਕਾਰਨ ਲੋਕਾਂ ਨੂੰ ਸਿਲੰਡਰ ਲੈਣ ਲਈ ਈਡੇਨ ਗੈਸ ਏਜੰਸੀ ਬਰੇਟਾ ਦੇ ਵਾਰ-ਵਾਰ ਚੱਕਰ ਲਗਾਉਣੇ ਪੈ ਰਹੇ ਹਨ। ਖਪਤਕਾਰਾਂ ਦਾ ਕਹਿਣਾ ਹੈ ਕਿ ਨਵੀਂ ਵਿਵਸਥਾ ਅਨੁਸਾਰ ਸਿਲੰਡਰ ਦੀ ਡਿਲੀਵਰੀ ਸਮੇਂ ਓਟੀਪੀ ਦੱਸਣਾ ਲਾਜ਼ਮੀ ਹੈ। ਪਰ ਜਦੋਂ ਓਟੀਪੀ ਹੀ ਸਮੇਂ ਸਿਰ ਨਹੀਂ ਆਉਂਦਾ, ਤਾਂ ਡਿਲੀਵਰੀ ਵੀ ਅਟਕ ਜਾਂਦੀ ਹੈ। ਕਈ ਖਪਤਕਾਰ ਸਵੇਰ ਤੋਂ ਹੀ ਏਜੰਸੀ ਦੇ ਦਫ਼ਤਰ ਪਹੁੰਚ ਜਾਂਦੇ ਹਨ, ਪਰ ਉੱਥੇ ਵੀ ਉਨ੍ਹਾਂ ਨੂੰ ਇਹੀ ਜਵਾਬ ਮਿਲਦਾ ਹੈ ਕਿ ਓਟੀਪੀ ਆਉਣ ਤੋਂ ਬਾਅਦ ਹੀ ਸਿਲੰਡਰ ਮਿਲੇਗਾ। ਇਕ ਪ੍ਰੇਸ਼ਾਨ ਖਪਤਕਾਰ ਨੇਕ ਰਾਮ ਨੇ ਦੱਸਿਆ, ਮੈਂ ਤਿੰਨ ਦਿਨ ਪਹਿਲਾਂ ਸਿਲੰਡਰ ਬੁੱਕ ਕਰਵਾਇਆ ਸੀ, ਪਰ ਹੁਣ ਤੱਕ ਓਟੀਪੀ ਨਹੀਂ ਆਇਆ। ਤਿੰਨ ਵਾਰ ਏਜੰਸੀ ਜਾ ਚੁੱਕਾ ਹਾਂ, ਹਰ ਵਾਰ ਖਾਲੀ ਹੱਥ ਮੁੜਨਾ ਪਿਆ। ਘਰ ਵਿਚ ਗੈਸ ਖ਼ਤਮ ਹੋਣ ਕਿਨਾਰੇ ਹੈ ਅਤੇ ਰੋਟੀ-ਪਾਣੀ ਦੀ ਦਿੱਕਤ ਆ ਰਹੀ ਹੈ। ਇਸੇ ਤਰ੍ਹਾਂ ਇਕ ਬਜ਼ੁਰਗ ਮਹਿਲਾ ਨੇ ਕਿਹਾ ਕਿ ਉਨ੍ਹਾਂ ਲਈ ਵਾਰ-ਵਾਰ ਏਜੰਸੀ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ, ਪਰ ਮਜਬੂਰੀ ਵਿਚ ਜਾਣਾ ਪੈਂਦਾ ਹੈ। ਕੀ ਕਹਿਣਾ ਹੈ ਹੈ ਏਜੰਸੀ ਸੰਚਾਲਕਾਂ ਦਾ ਦੂਜੇ ਪਾਸੇ ਗੈਸ ਏਜੰਸੀ ਸੰਚਾਲਕਾਂ ਦਾ ਕਹਿਣਾ ਹੈ ਕਿ ਓਟੀਪੀ ਗੈਸ ਕੰਪਨੀ ਦੇ ਸਿਸਟਮ ਤੋਂ ਜਨਰੇਟ ਹੁੰਦਾ ਹੈ ਤੇ ਏਜੰਸੀਆਂ ਦੇ ਹੱਥ ਵਿਚ ਕੁਝ ਨਹੀਂ ਹੁੰਦਾ। ਲੋਕਾਂ ਨੇ ਸਬੰਧਤ ਗੈਸ ਕੰਪਨੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਕਨੀਕੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਖਪਤਕਾਰਾਂ ਨੇ ਇਹ ਵੀ ਮੰਗ ਕੀਤੀ ਕਿ ਜਦੋਂ ਤੱਕ ਸਿਸਟਮ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ, ਓ.ਟੀ.ਪੀ. ਦੀ ਵਿਵਸਥਾ ਵਿੱਚ ਢਿੱਲ ਦੇ ਕੇ ਹੋਰ ਪਛਾਣ ਪ੍ਰਮਾਣਾਂ ਨਾਲ ਡਿਲੀਵਰੀ ਦਿੱਤੀ ਜਾਵੇ।