ਸਕੂਲਾਂ ਦੇ ਵਿਕਾਸ ਲਈ ਆਈਆਂ ਗ੍ਰਾਂਟਾ ਦਾ ਪੈਸਾ ਫ਼ਸਿਆ, ਅਧਿਆਪਕ ਜੇਬਾਂ ‘ਚੋਂ ਖ਼ਰਚ ਚੁੱਕੇ ਹਨ ਕਰੋੜਾਂ ਰੁਪਏ ਸਿੱਖਿਆ ਦੀਆਂ ਕਾਇਆ ਕਲਪ ਕਰਨ ਵਾਲੇ
Publish Date: Wed, 18 Nov 2026 04:07 PM (IST)
Updated Date: Wed, 18 Nov 2026 04:09 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਿੱਖਿਆ ਦੀਆਂ ਕਾਇਆ ਕਲਪ ਕਰਨ ਵਾਲੇ ਦਾਅਵੇ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਟਰਮ ਖ਼ਤਮ ਹੋਣ ਦਾ ਲਗਪਗ ਸਵਾ ਕ ਮਹੀਨਾ ਰਹਿ ਗਿਆ ਹੈ, ਜਿਸ ਕਾਰਨ ਸਕੂਲ ਮੁਖੀਆਂ ਦੇ ਸਾਂਹ ਸੂਤੇ ਪਏ ਹਨ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਤੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਬਠਿੰਡਾ ਦੀ ਅਗਵਾਈ ਵਿਚ ਡੀਟੀਐਫ਼ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਤੇ ਹਰਜਿੰਦਰ ਅਨੂਪਗੜ੍ਹ ਨੇ ਦੱਸਿਆ ਕਿ ਸਕੂਲਾਂ ਵਿੱਚ ਚਾਰਦੀਵਾਰੀ, ਕਮਰਿਆਂ ਦੀ ਰਿਪੇਅਰ, ਰੰਗ ਰੋਗਣ ਤੇ ਹੋਰ ਕੰਮਾਂ ਲਈ ਆਈਆਂ ਗ੍ਰਾਂਟਾ ਦਾ ਕਰੋੜਾਂ ਰੁਪਏ ਡੀਐੱਸਈ, ਡੀਈਓਜ਼ ਤੇ ਖਜ਼ਾਨਾ ਦਫ਼ਤਰਾਂ ਦੀਆਂ ਫ਼ਾਇਲਾਂ ਵਿੱਚ ਫ਼ਸਿਆ ਪਿਆ ਹੈ। ਅਧਿਆਪਕ ਆਪਣੀਆਂ ਜੇਬਾਂ ਵਿਚੋਂ ਕਰੋੜਾਂ ਰੁਪਏ ਖਰਚ ਕੇ ਇਹ ਕੰਮ ਕਰਵਾ ਚੁੱਕੇ ਹਨ। ਅਧਿਆਪਕ ਚਿੰਤਾ ਵਿਚ ਹਨ ਕਿ ਕਿਸੇ ਵੇਲੇ ਵੀ ਚੋਣ ਜ਼ਾਬਤਾ ਲੱਗ ਸਕਦਾ ਹੈ ਤਾਂ ਇਹ ਪੈਸੇ ਦਾ ਜ਼ਿੰਮੇਵਾਰ ਕੌਣ ਹੋਵੇਗਾ। ਆਗੂਆਂ ਨੇ ਦੱਸਿਆ ਕਿ ਇਸ ਨਵੇਂ ਸਿਸਟਮ ਤਹਿਤ ਸਕੂਲਾਂ ਨੂੰ ਉਪਰੋਕਤ ਕੰਮ ਕਰਵਾ ਕੇ ਬਿਲ ਬਣਾ ਕੇ ਡੀ ਈ ਓਜ਼ ਦਫਤਰਾਂ ਨੂੰ ਦੇਣੇ ਹੁੰਦੇ ਹਨ ਉਸਤੋਂ ਬਾਅਦ ਹੀ ਇਹ ਪੈਸੇ ਸਕੂਲਾਂ ਦੇ ਖਾਤਿਆਂ ਵਿੱਚ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਮੁੱਖੀ ਦੁਕਾਨਦਾਰਾਂ ਤੋਂ ਉਸਾਰੀ ਦਾ ਸਮਾਨ ਆਪਣੀ ਜਿੰਮੇਵਾਰੀ ਤੇ ਚੁੱਕ ਲੈਂਦੇ ਹਨ, ਪਰ ਲੰਬਾ ਸਮਾਂ ਇਹਨਾਂ ਗ੍ਰਾਂਟਾ ਦਾ ਪੈਸਾ ਨਾ ਆਉਣ ਤੇ ਦੁਕਾਨਦਾਰਾਂ ਨੂੰ ਆਪਣੇ ਕੋਲੋਂ ਪੈਸੇ ਦੇਣੇ ਪੈਂਦੇ ਹਨ। ਇਸ ਤੋਂ ਇਲਾਵਾ ਉਸਾਰੀ ਮਿਸਤਰੀ ਅਤੇ ਮਜ਼ਦੂਰ ਨੂੰ ਤਾਂ ਰੋਜਾਨਾ ਹੀ ਉਸਦੀ ਬਸ ਦਿਹਾੜੀ ਦੇਣੀ ਪੈਂਦੀ ਹੈ। ਆਗੂਆਂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਕੁਝ ਸਕੂਲਾਂ ਦਾ ਡਾਟਾ ਉਨ੍ਹਾਂ ਕੋਲ ਪਹੁੰਚਿਆ ਹੈ ਇਹਨਾਂ ਸਕੂਲਾਂ ਸਪਸ ਈਜੀਐੱਸ ਸਮਾਓ 1.20 ਲੱਖ, ਸਮਸ ਭਾਈ ਦੇਸਾ 1.40 ਲੱਖ, ਸਮਸ ਪੈਰੋਂ 2.50 ਲੱਖ, ਸਪਸ ਕੋਟ ਲੱਲੂ 3.66 ਲੱਖ, ਸਮਸ ਨਰਿੰਦਰਪੁਰਾ 1.60 ਲੱਖ, ਸਮਸ ਦੂਲੋਵਾਲ 17.10 ਲੱਖ, ਸਸਸਸ ਫਫੜੇ ਲਗਭਗ 16 ਲੱਖ, ਸਪਸ ਗੰਢੂ ਖੁਰਦ 1.50 ਲੱਖ, ਸਸਸਸ ਖਿਆਲਾ ਕਲਾਂ 1.47 ਲੱਖ, ਸਹਸ ਖੀਵਾ 2.40 ਲੱਖ ਦੀ ਗਰਾਂਟ ਪੈਂਡਿੰਗ ਹੈ। ਡੀਟੀਐਫ਼ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬੈਹਣੀਵਾਲ, ਮੀਤ ਪ੍ਰਧਾਨ ਨਵੀਨ ਗੋਇਲ ਬੋਹਾ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ ਨੇ ਦੱਸਿਆ ਕਿ ਇਸੇ ਤਰਾਂ ਹੀ ਮਿਡ ਡੇ ਮੀਲ ਦੀ ਰਾਸ਼ੀ ਵੀ ਡੀਐੱਸਈ, ਡੀਈਓਜ਼ ਤੇ ਖਜ਼ਾਨਾ ਦਫਤਰਾਂ ਦੇ ਚੱਕਰ ਕੱਟ ਰਹੀ ਹੈ। ਇਸ ਨਵੇਂ ਸਿਸਟਮ ਬਿੱਲਾਂ ਉਪਰ ਅਨੇਕਾਂ ਤਰਾਂ ਦੇ ਇਤਰਾਜ਼ ਲਾ ਕੇ ਵਾਪਿਸ ਕਰ ਦਿੱਤੇ ਜਾਂਦੇ ਹਨ। ਅਧਿਆਪਕਾਂ ਵੱਲੋਂ ਜੇਬਾਂ ਚੋਂ ਖਰਚ ਕੀਤੇ ਮਿਡ ਡੇ ਮੀਲ ਦੇ ਲੱਖਾਂ ਰੁਪਏ ਰੁਪਏ ਵੀ ਇਸੇ ਤਰਾਂ ਸਰਕਾਰੀ ਘੁੰਮਣਘੇਰੀ ’ਚ ਫਸੇ ਹੋਏ ਹਨ। ਜਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰਪਾਲ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਵੱਲੋਂ ਸਕੂਲਾਂ ਦੇ ਵਿਕਾਸ ਲਈ ਖਰਚ ਕੀਤੇ ਪੈਸੇ ਅਤੇ ਮਿਡ ਡੇ ਮੀਲ ਡੇ ਖਰਚ ਕੀਤੇ ਪੈਸੇ ਤੁਰੰਤ ਸਕੂਲਾਂ ਦੇ ਖਾਤਿਆਂ ਵਿੱਚ ਪਾਏ ਜਾਣ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਨਵੇਂ ਸਿਸਟਮ ਨੂੰ ਬੰਦ ਕਰਕੇ ਪਹਿਲਾਂ ਦੀ ਤਰ੍ਹਾਂ ਸਕੂਲਾਂ ਦੇ ਖਾਤਿਆਂ ਵਿੱਚ ਗਰਾਂਟ ਦੀ ਰਕਮ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਪਾਈ ਜਾਇਆ ਕਰੇ।