- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਮਾਨਸਾ ਵਿੱਚ ਕਤਲ ਦੀ ਘਟਨਾ ਬਾਅਦ ਭੀੜ ਵੱਲੋਂ ਜੇਸੀਬੀ ਮਸ਼ੀਨ ਦੀ ਮਦਦ ਨਾਲ ਮੈਡੀਕਲ ਸਟੋਰ ਨੂੰ ਨੁਕਸਾਨ ਪਹੁੰਚਾਇਆ ਅਤੇ ਦੁਕਾਨ ਅੰਦਰ ਪਏ ਸਾਮਾਨ ਨੂੰ ਅੱਗ ਲਗਾ ਦਿੱਤੀ। ਇਸ ਮਾਮਲੇ ਵਿੱਚ ਥਾਣਾ ਸਿਟੀ-2 ਮਾਨਸਾ ਪੁਲਿਸ ਨੇ ਕਰੀਬ 1000 ਤੋਂ 1200 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ - ਪੰਜਾਬ ਦੇ ਮਾਨਸਾ ਵਿੱਚ ਕਤਲ ਦੀ ਘਟਨਾ ਬਾਅਦ ਭੀੜ ਵੱਲੋਂ ਜੇਸੀਬੀ ਮਸ਼ੀਨ ਦੀ ਮਦਦ ਨਾਲ ਮੈਡੀਕਲ ਸਟੋਰ ਨੂੰ ਨੁਕਸਾਨ ਪਹੁੰਚਾਇਆ ਅਤੇ ਦੁਕਾਨ ਅੰਦਰ ਪਏ ਸਾਮਾਨ ਨੂੰ ਅੱਗ ਲਗਾ ਦਿੱਤੀ। ਇਸ ਮਾਮਲੇ ਵਿੱਚ ਥਾਣਾ ਸਿਟੀ-2 ਮਾਨਸਾ ਪੁਲਿਸ ਨੇ ਕਰੀਬ 1000 ਤੋਂ 1200 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।
ਪੁਲਿਸ ਦੀ ਐੱਫਆਈਆਰ ਅਨੁਸਾਰ 14 ਅਕਤੂਬਰ ਨੂੰ ਪਰਵਿੰਦਰ ਸਿੰਘ ਉਰਫ਼ ਝੋਟਾ ਪੁੱਤਰ ਭੀਮ ਸਿੰਘ, ਵਾਸੀ ਵਾਟਰ ਵਰਕਸ ਨੇੜੇ ਮਾਨਸਾ ਦੇ ਕਤਲ ਬਾਅਦ ਲੋਕਾਂ ਵਿੱਚ ਰੋਸ ਫੈਲ ਗਿਆ। ਇਸ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਰੇਲਵੇ ਫਾਟਕ ਦੇ ਨਜ਼ਦੀਕ ਸਥਿਤ ਗਰਗ ਮੈਡੀਕਲ ਹਾਲ ਪਹੁੰਚ ਗਈ। ਇਹ ਮੈਡੀਕਲ ਹਾਲ ਅਸ਼ਵਨੀ ਕੁਮਾਰ ਪੁੱਤਰ ਦੇਸਰਾਜ, ਵਾਸੀ ਵੀਰ ਨਗਰ ਮੁਹੱਲਾ, ਵਾਰਡ ਨੰਬਰ 19 ਮਾਨਸਾ ਵੱਲੋਂ ਚਲਾਇਆ ਜਾ ਰਿਹਾ ਸੀ।
ਐੱਫਆਈਆਰ ਵਿੱਚ ਦਰਜ ਪੁਲਿਸ ਦੇ ਬਿਆਨ ਅਨੁਸਾਰ ਭੀੜ ਵਿੱਚ ਕਰੀਬ 1000 ਤੋਂ 1200 ਲੋਕ ਸ਼ਾਮਲ ਸਨ। ਭੀੜ ਨੇ ਰਸਤੇ ਵਿੱਚੋਂ ਲੰਘ ਰਹੀ ਇੱਕ ਜੇਸੀਬੀ ਨੂੰ ਰੁਕਵਾਇਆ ਅਤੇ ਉਸ ਰਾਹੀਂ ਮੈਡੀਕਲ ਸਟੋਰ ਵਿੱਚ ਭੰਨ-ਤੋੜ ਕੀਤੀ। ਇਸ ਤੋਂ ਬਾਅਦ ਦੁਕਾਨ ਵਿੱਚ ਪਏ ਸਾਮਾਨ ਨੂੰ ਅੱਗ ਲਗਾ ਕੇ ਨੁਕਸਾਨ ਪਹੁੰਚਾਇਆ ਗਿਆ।
ਪੁਲਿਸ ਅਨੁਸਾਰ ਭੀੜ ਵਿੱਚ ਸ਼ਾਮਲ ਕੁਝ ਨੌਜਵਾਨ ਵੱਖ-ਵੱਖ ਇਲਾਕਿਆਂ ਤੋਂ ਆਏ ਹੋਏ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਥਾਣਾ ਸਿਟੀ-2 ਮਾਨਸਾ ਪੁਲਿਸ ਨੇ 15 ਅਕਤੂਬਰ 2026 ਨੂੰ ਰਾਤ 9 ਵੱਜ ਕੇ 54 ਮਿੰਟ ’ਤੇ ਐੱਫਆਈਆਰ ਨੰਬਰ 0270 ਦਰਜ ਕੀਤੀ। ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐਨਐੱਸ) ਦੀਆਂ ਧਾਰਾਵਾਂ 326, 324(5), 191(2) ਅਤੇ 190 ਤਹਿਤ ਕਾਰਵਾਈ ਕੀਤੀ ਗਈ ਹੈ। ਐੱਫਆਈਆਰ ਵਿੱਚ ਫਿਲਹਾਲ ਸਾਰੇ ਮੁਲਜ਼ਮਾਂ ਨੂੰ ਅਣਪਛਾਤਾ ਦਰਸਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।