ਰਮਦਿੱਤੇ ਵਾਲਾ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ, 598 ਮਰੀਜ਼ਾਂ ਨੇ ਲਿਆ ਲਾਭ ਰਮਦਿੱਤੇ ਵਾਲਾ ਵਿਖੇ ਮੁਫ਼ਤ ਆਯੂਸ਼
Publish Date: Mon, 21 Sep 2026 05:21 PM (IST)
Updated Date: Mon, 21 Sep 2026 05:23 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਜ਼ਿਲ੍ਹਾ ਮਾਨਸਾ ਵਿੱਚ ਗੁਰਦੁਆਰਾ ਸਾਹਿਬ ਪਿੰਡ ਰਮਦਿੱਤੇ ਵਾਲਾ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾ. ਵਰਿੰਦਰ ਕੁਮਾਰ ਆਯੁਰਵੈਦਿਕ ਮੈਡੀਕਲ ਅਫ਼ਸਰ ਝੁਨੀਰ ਅਤੇ ਡਾ. ਪੂਜਾ ਆਯੁਰਵੈਦਿਕ ਮੈਡੀਕਲ ਅਫ਼ਸਰ ਕਰੰਡੀ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਆਯੁਰਵੈਦਿਕ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸੇ ਤਰ੍ਹਾਂ ਹੋਮਿਓਪੈਥੀ ਡਾਕਟਰ ਪ੍ਰੇਮਲਤਾ ਅਤੇ ਡਾ. ਪਰਮਜੀਤ ਕੌਰ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਕੁੱਲ੍ਹ 301 ਮਰੀਜ਼ਾਂ ਨੇ ਆਯੁਰਵੈਦਿਕ ਇਲਾਜ ਅਤੇ 297 ਮਰੀਜ਼ਾਂ ਨੇ ਹੋਮਿਓਪੈਥਿਕ ਇਲਾਜ ਦਾ ਲਾਭ ਪ੍ਰਾਪਤ ਕੀਤਾ। ਇਸ ਮੌਕੇ ਮਰੀਜ਼ਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਤੇ ਉਚਿੱਤ ਆਹਾਰ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ। ਆਯੁਰਵੈਦਿਕ ਦਵਾਈਆਂ ਦੀ ਵੰਡ ਵਿੱਚ ਉਪ-ਵੈਦ ਰੀਚਾ ਰਾਣੀ ਤੇ ਪ੍ਰਿਯੰਕਾ ਰਾਣੀ ਨੇ ਸੇਵਾਵਾਂ ਨਿਭਾਈਆਂ, ਜਦਕਿ ਹੋਮਿਓਪੈਥੀ ਦਵਾਈਆਂ ਦੀ ਵੰਡ ਜਗਤਾਰ ਸਿੰਘ ਅਤੇ ਸੁਖਜਿੰਦਰ ਕੌਰ ਵੱਲੋਂ ਕੀਤੀ ਗਈ। ਪਾਰਟ ਟਾਈਮ ਵਰਕਰ ਜਸਵੀਰ ਕੌਰ ਵੱਲੋਂ ਵੀ ਕੈਂਪ ਦੌਰਾਨ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਮਾਨਸਾ ਡਾਕਟਰ ਨਮਿਤਾ ਗਰਗ ਨੇ ਕਿਹਾ ਕਿ ਆਯੂਸ਼ ਵਿਭਾਗ ਵੱਲੋਂ ਇਸ ਤਰ੍ਹਾਂ ਦੇ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਆਯੁਰਵੇਦ ਅਤੇ ਹੋਮਿਓਪੈਥੀ ਇਲਾਜ ਪ੍ਰਣਾਲੀਆਂ ਨਾਲ ਜੋੜਨ ਦੇ ਨਾਲ-ਨਾਲ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ।