ਮੂਸੇਵਾਲਾ ਤੋਂ ਬਾਅਦ ਝੋਟਾ ਕਤਲਕਾਂਡ ਨੇ ਮੁੜ ਖਿੱਚਿਆ ਮਾਨਸਾ ਵੱਲ ਧਿਆਨ: ਕੀ ਅਮਿਤ ਸ਼ਾਹ ਦੀ ਮੁਲਾਕਾਤ ਨਾਲ ਨਿਕਲੇਗਾ ਕੋਈ ਹੱਲ?
ਮੂਸੇਵਾਲਾ ਦਾ ਕਤਲ ਗੈਂਗਸਟਰਾਂ ਵੱਲੋਂ ਕੀਤਾ ਗਿਆ ਸੀ, ਜਦਕਿ ਝੋਟਾ ਨੂੰ ਪਿਛਲੇ ਦਿਨੀਂ ਮੈਡੀਕਲ ਸਟੋਰ ਦੇ ਸੰਚਾਲਕ ਨੇ ਗੋਲੀਆਂ ਮਾਰ ਦਿੱਤੀਆ ਹੈ। ਇਨ੍ਹਾਂ ਦੋਵਾਂ ਘਟਨਾਵਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਮੁੱਦੇ ਨੂੰ ਮੁੜ ਸਿਆਸੀ ਬਹਿਸ ਦੇ ਕੇਂਦਰ ’ਚ ਲਿਆ ਖੜ੍ਹਾ ਕੀਤਾ ਹੈ।
Publish Date: Tue, 20 Oct 2026 12:54 PM (IST)
Updated Date: Tue, 20 Oct 2026 01:04 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ 29 ਮਈ 2022 ਨੂੰ ਹੋਏ ਕਤਲ ਤੋਂ ਬਾਅਦ ਜਿਥੇ ਇੱਕ ਪਾਸੇ ਗੈਂਗਸਟਰਾਂ ਦੇ ਖ਼ਿਲਾਫ਼ ਅਵਾਜ਼ ਉਠਾਈ ਜਾਣ ਲੱਗੀ ਹੈ, ਉਥੇ ਹੀ ਹੁਣ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੇ ਇੱਕ ਵਾਰ ਫ਼ਿਰ ਮਾਨਸਾ ਨੂੰ ਦੇਸ਼-ਵਿਦੇਸ਼ ਵਿੱਚ ਚਰਚਾ ਦਾ ਕੇਂਦਰ ਬਣਾ ਦਿੱਤਾ ਹੈ, ਜਿਸ ਨਾਲ ਨਸ਼ਿਆਂ ਦਾ ਮੁੱਦਾ ਵੀ ਦੁਨੀਆਂ ਭਰ ’ਚ ਉੱਭਰਿਆ ਹੈ।
ਮੂਸੇਵਾਲਾ ਦਾ ਕਤਲ ਗੈਂਗਸਟਰਾਂ ਵੱਲੋਂ ਕੀਤਾ ਗਿਆ ਸੀ, ਜਦਕਿ ਝੋਟਾ ਨੂੰ ਪਿਛਲੇ ਦਿਨੀਂ ਮੈਡੀਕਲ ਸਟੋਰ ਦੇ ਸੰਚਾਲਕ ਨੇ ਗੋਲੀਆਂ ਮਾਰ ਦਿੱਤੀਆ ਹੈ। ਇਨ੍ਹਾਂ ਦੋਵਾਂ ਘਟਨਾਵਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਮੁੱਦੇ ਨੂੰ ਮੁੜ ਸਿਆਸੀ ਬਹਿਸ ਦੇ ਕੇਂਦਰ ’ਚ ਲਿਆ ਖੜ੍ਹਾ ਕੀਤਾ ਹੈ।
ਹੁਣ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਨਸਾ ਦੌਰੇ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਉਨ੍ਹਾਂ ਵੱਲੋਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਜਾਣੀ ਹੈ। ਇਸ ਮੁਲਾਕਾਤ ਦੌਰਾਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਪਰਿਵਾਰ ਵੱਲੋਂ ਰੱਖੀਆਂ ਗਈਆਂ ਮੰਗਾਂ ਦੇ ਹੱਲ ਲਈ ਕੋਈ ਠੋਸ ਭਰੋਸਾ ਮਿਲੇਗਾ ਜਾਂ ਇਹ ਮਾਮਲਾ ਸਿਆਸੀ ਬਿਆਨਬਾਜ਼ੀ ਤੱਕ ਹੀ ਸੀਮਤ ਰਹੇਗਾ।
ਭਾਵੇਂਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਉਣ ਦੇ ਪਹਿਲਾਂ ਅੱਜ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਝੋਟਾ ਦੇ ਪਰਿਵਾਰ ਅਤੇ ਐਕਸ਼ਨ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਵਿੱਚੋਂ ਸੀਬੀਆਈ ਜਾਂਚ ਕੀਤੇ ਜਾਣ ਦੀ ਸਿਫ਼ਾਰਿਸ਼ ਕਰ ਦਿੱਤੀ ਹੈ। ਉਧਰ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਅਤੇ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਅਸਤੀਫ਼ੇ, ਪੰਜਾਬ ਦੇ ਡੀਜੀਪੀ ਨੂੰ ਅਹੁਦੇ ਤੋਂ ਹਟਾਉਣ ਅਤੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਸਮੇਤ ਹੋਰ ਮੰਗਾਂ ਸਬੰਧੀ ਅਜੇ ਵੀ ਅਮਿਤ ਸ਼ਾਹ ਦੇ ਆਉਣ ’ਤੇ ਗੱਲਬਾਤ ਕੀਤੇ ਜਾਣ ਦੇ ਆਪਣੇ ਸਟੈਂਡ ’ਤੇ ਕਾਇਮ ਹੈ।
ਝੋਟਾ ਦੇ ਪਿਤਾ ਭੀਮ ਸਿੰਘ, ਜੋ ਸਾਬਕਾ ਫ਼ੌਜੀ ਹਨ, ਵਾਰ-ਵਾਰ ਇਹ ਉਮੀਦ ਜਤਾ ਚੁੱਕੇ ਹਨ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਖ਼ਲਅੰਦਾਜ਼ੀ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਦਾ ਰਾਹ ਨਿਕਲ ਸਕਦਾ ਹੈ। ਇਸੇ ਕਾਰਨ ਅਮਿਤ ਸ਼ਾਹ ਨਾਲ ਹੋਣ ਵਾਲੀ ਮੁਲਾਕਾਤ ਨੂੰ ਪਰਿਵਾਰ ਲਈ ਅਹਿਮ ਮੰਨਿਆ ਜਾ ਰਿਹਾ ਹੈ।
ਹਾਲਾਂਕਿ, ਪਰਿਵਾਰ ਦੀਆਂ ਮੰਗਾਂ ’ਤੇ ਕੇਂਦਰ ਸਰਕਾਰ ਵੱਲੋਂ ਕੀ ਰੁਖ਼ ਅਪਣਾਇਆ ਜਾਂਦਾ ਹੈ ਅਤੇ ਮੁਲਾਕਾਤ ਤੋਂ ਬਾਅਦ ਕੋਈ ਠੋਸ ਫ਼ੈਸਲਾ ਸਾਹਮਣੇ ਆਉਂਦਾ ਹੈ ਜਾਂ ਨਹੀਂ, ਇਹ ਦੇਖਣਾ ਮਹੱਤਵਪੂਰਨ ਹੋਵੇਗਾ। ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਅੱਜ ਵੀ ਕਿਹਾ ਹੈ ਕਿ ਉਹ ਅਮਿਤ ਸ਼ਾਹ ਨੂੰ ਮਿਲਣਗੇ ਕਿਉਂਕਿ ਉਹ ਉਨ੍ਹਾਂ ਦਾ ਦੁੱਖ ਵੰਡਾਉਣ ਆ ਰਹੇ ਹਨ, ਜਦੋਂਕਿ ਕੇਂਦਰ ਸਰਕਾਰ ‘ਤੇ ਵਿਰੋਧੀ ਪਾਰਟੀਆਂ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਹਨ।
ਕਾਂਗਰਸ ਤੇ ਆਮ ਆਦਮੀ ਪਾਰਟੀ ਉਠਾ ਰਹੀਆਂ ਹਨ ਭਾਜਪਾ ’ਤੇ ਸਵਾਲ
ਅਮਿਤ ਸ਼ਾਹ ਦੇ ਦੌਰੇ ਨੂੰ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਇਸ ਮੁੱਦੇ ’ਤੇ ਆਪਣੀ ਸਰਗਰਮੀ ਵਧਾ ਰਹੀ ਹੈ, ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੀ ਨਸ਼ਿਆਂ ਨੂੰ ਰੋਕਣ ਸਬੰਧੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਜਾ ਰਹੇ ਹਨ।
ਵਿਰੋਧੀ ਧਿਰਾਂ ਦਾ ਤਰਕ ਹੈ ਕਿ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਨਸ਼ਿਆਂ ਦੀ ਬਰਾਮਦਗੀ ਨੂੰ ਰੋਕਣਾ ਕੇਂਦਰ ਸਰਕਾਰ ਦੀ ਵੀ ਅਹਿਮ ਜ਼ਿੰਮੇਵਾਰੀ ਹੈ। ਉਹ ਗੁਜਰਾਤ ਸਮੇਤ ਹੋਰ ਥਾਵਾਂ ’ਤੇ ਨਸ਼ਿਆਂ ਦੀ ਬਰਾਮਦਗੀ ਦੇ ਮਾਮਲਿਆਂ ਦਾ ਹਵਾਲਾ ਦੇ ਕੇ ਕੇਂਦਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਹੀਆਂ ਹਨ।
ਉਧਰ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨੂੰ ਵੀ ਅਜੇ ਤੱਕ ਇਨਸਾਫ ਨਾ ਮਿਲਣ ਦੇ ਕਾਰਨ ਸਰਕਾਰਾਂ ’ਤੇ ਸਵਾਲ ਉੱਠ ਰਹੇ ਹਨ।
ਦੂਜੇ ਪਾਸੇ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਝੋਟਾ ਦੇ ਕਤਲ ਦਾ ਮਾਮਲਾ ਹੁਣ ਕਾਨੂੰਨ ਵਿਵਸਥਾ ਦੇ ਨਾਲ-ਨਾਲ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਸਿਆਸੀ ਟਕਰਾਅ ਦਾ ਮੁੱਦਾ ਵੀ ਬਣ ਗਿਆ ਹੈ।
ਐਂਟੀ ਡਰੱਗ ਟਾਸਕ ਫੋਰਸ ਦੇ ਪ੍ਰਮੁੱਖ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਅਫਸੋਸ ਵਜੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 19 ਅਕਤੂਬਰ ਨੂੰ ਹੋਣ ਵਾਲਾ ਸਾਈਨਡ ਟੂ ਗੋਡ ਸੋ ਮੁਲਤਵੀ ਕਰ ਦਿੱਤਾ ਹੈ। ਬਲਕੌਰ ਸਿੰਘ ਨੇ ਮਾਫੀ ਮੰਗਦੇ ਹੋਏ ਕਿਹਾ ਹੈ ਕਿ ਉਹ ਇਸ ਵਾਰ ਨਹੀਂ ਮਿਲ ਸਕਣਗੇ ਅਤੇ ਵਾਅਦਾ ਕਰਦੇ ਹਨ ਕਿ ਸਿੱਧੂ ਮੂਸੇਵਾਲਾ ਦੇ ਸੰਗੀਤ ਦੀ ਵਧੀਆ ਪੇਸ਼ਕਾਰੀ ਲਈ ਵਾਪਸੀ ਕਰਨਗੇ।
ਸੱਤ ਦਿਨਾਂ ਤੋਂ ਅੰਤਿਮ ਸੰਸਕਾਰ ਨਹੀਂ, ਅੱਠਵੇਂ ਦਿਨ ’ਤੇ ਪਹੁੰਚਿਆ ਮਾਮਲਾ
ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ ਨਾ ਹੋਣ ਕਾਰਨ ਮਾਮਲਾ ਲਗਾਤਾਰ ਗੰਭੀਰ ਬਣਿਆ ਹੋਇਆ ਹੈ। ਮਾਨਸਾ ਦੀ ਤਿੰਨਕੋਣੀ ਵਿਖੇ ਲੱਗੇ ਧਰਨੇ ਵਿੱਚ ਦੂਰ-ਦੁਰਾਡੇ ਤੋਂ ਲੋਕ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਜਤਾ ਰਹੇ ਹਨ। ਸਿਆਸੀ ਆਗੂਆਂ ਤੋਂ ਇਲਾਵਾ ਗਾਇਕ ਆਰਨੇਤ, ਬੱਬੂ ਮਾਨ, ਰਣਜੀਤ ਬਾਵਾ ਸਮੇਤ ਕਈ ਕਲਾਕਾਰ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰ ਚੁੱਕੇ ਹਨ।
ਪ੍ਰਸ਼ਾਸਨ ਵੱਲੋਂ ਪਰਿਵਾਰ ਅਤੇ ਸੰਘਰਸ਼ ਕਮੇਟੀ ਨਾਲ ਲਗਾਤਾਰ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਤਿੰਨ ਮਹਿਲਾ ਆਈ.ਏ.ਐੱਸ. ਅਧਿਕਾਰੀਆਂ ਦੀ ਕਮੇਟੀ ਨਾਲ ਬੀਤੀ ਰਾਤ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਇਸ ਕਾਰਨ ਪਰਿਵਾਰ ਦੀਆਂ ਮੰਗਾਂ ਅਤੇ ਅੰਤਿਮ ਸੰਸਕਾਰ ਨੂੰ ਲੈ ਕੇ ਅਜੇ ਤੱਕ ਸਹਿਮਤੀ ਨਹੀਂ ਬਣ ਸਕੀ।
ਕੀ ਅਮਿਤ ਸ਼ਾਹ ਦੀ ਮੁਲਾਕਾਤ ਨਾਲ ਨਿਕਲੇਗਾ ਹੱਲ?
ਅੱਜ ਦੁਪਹਿਰ ਬਾਅਦ ਅਮਿਤ ਸ਼ਾਹ ਵੱਲੋਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੇ ਜਾਣੀ ਹੈ। ਇਸ ਮੁਲਾਕਾਤ ਨੂੰ ਲੈ ਕੇ ਪਰਿਵਾਰ, ਸੰਘਰਸ਼ ਕਮੇਟੀ ਅਤੇ ਸਿਆਸੀ ਹਲਕਿਆਂ ਵਿੱਚ ਉਮੀਦਾਂ ਦੇ ਨਾਲ-ਨਾਲ ਸਵਾਲ ਵੀ ਹਨ।
ਕੀ ਕੇਂਦਰੀ ਗ੍ਰਹਿ ਮੰਤਰੀ ਪਰਿਵਾਰ ਦੀਆਂ ਮੰਗਾਂ ’ਤੇ ਕੋਈ ਠੋਸ ਭਰੋਸਾ ਦੇਣਗੇ? ਕੀ ਸੀਬੀਆਈ ਜਾਂਚ ਦੀ ਮੰਗ ’ਤੇ ਕੋਈ ਫ਼ੈਸਲਾਕੁਨ ਕਦਮ ਚੁੱਕਿਆ ਜਾਵੇਗਾ? ਅਤੇ ਕੀ ਇਸ ਮੁਲਾਕਾਤ ਤੋਂ ਬਾਅਦ ਪਰਿਵਾਰ ਅੰਤਿਮ ਸੰਸਕਾਰ ਲਈ ਸਹਿਮਤ ਹੋਵੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਮੁਲਾਕਾਤ ਤੋਂ ਬਾਅਦ ਹੀ ਸਪੱਸ਼ਟ ਹੋ ਸਕਣਗੇ।
ਫਿਲਹਾਲ ਮਾਨਸਾ ਵਿੱਚ ਧਰਨਾ ਜਾਰੀ ਹੈ, ਸਿਆਸੀ ਸਰਗਰਮੀਆਂ ਤੇਜ਼ ਹਨ ਅਤੇ ਲੋਕਾਂ ਦੀਆਂ ਨਜ਼ਰਾਂ ਅਮਿਤ ਸ਼ਾਹ ਦੇ ਦੌਰੇ ’ਤੇ ਟਿਕੀਆਂ ਹੋਈਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਦੌਰਾ ਪਰਿਵਾਰ ਦੀਆਂ ਮੰਗਾਂ ਦੇ ਹੱਲ ਵੱਲ ਕੋਈ ਠੋਸ ਕਦਮ ਸਾਬਤ ਹੁੰਦਾ ਹੈ ਜਾਂ ਮਾਮਲਾ ਅਜੇ ਹੋਰ ਲੰਮਾ ਖਿੱਚਦਾ ਹੈ।