ਮਾਨਸਾ ’ਚ ਕਰਵਾਈ ਜਾ ਰਹੀ ਪਹਿਲੀ ਬਾਕਸ ਕ੍ਰਿਕਟ ਲੀਗ
ਗਰਾਉਂਡ ਜੀਰੋ ਮਾਨਸਾ ਵਿਖੇ ਕਰਵਾਈ ਜਾ ਰਹੀ
Publish Date: Wed, 21 Jan 2026 07:05 PM (IST)
Updated Date: Thu, 22 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਗਰਾਉਂਡ ਜ਼ੀਰੋ ਮਾਨਸਾ ਵਿਖੇ ਕਰਵਾਈ ਜਾ ਰਹੀ ਪਹਿਲੀ ਬਾਕਸ ਕ੍ਰਿਕਟ ਲੀਗ ਨੇ ਮਾਨਸਾ ਜ਼ਿਲ੍ਹੇ ਵਿੱਚ ਖੇਡਾਂ ਪ੍ਰਤੀ ਨਵਾਂ ਜੋਸ਼ ਪੈਦਾ ਕਰ ਦਿੱਤਾ ਹੈ। ਇਸ ਵਿਲੱਖਣ ਲੀਗ ਦੀ ਸ਼ੁਰੂਆਤ 16 ਜਨਵਰੀ ਤੋਂ 1 ਫ਼ਰਵਰੀ 2026 ਤੱਕ ਹੋ ਰਹੀ ਹੈ। ਇਸ ’ਚ ਖਿਡਾਰੀਆਂ ਨੂੰ ਪ੍ਰਤਿਭਾ ਦਿਖਾਉਣ ਦਾ ਸ਼ਾਨਦਾਰ ਮੰਚ ਮਿਲੇਗਾ। ਇਸ ਮੌਕੇ ਅਰੋੜਵੰਸ਼ ਮਹਾਂ ਸਭਾ ਮਾਨਸਾ ਵੱਲੋਂ ਗਰਾਊਂਡ ਜ਼ੀਰੋ ਮਾਨਸਾ ਦੀ ਪੂਰੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇੰਨ੍ਹਾਂ ਨੇ ਮਾਨਸਾ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਆਧੁਨਿਕ ਬਾਕਸ ਕ੍ਰਿਕਟ ਗਰਾਊਂਡ ਤਿਆਰ ਕਰ ਕੇ ਕਾਬਿਲੇ-ਤਾਰੀਫ਼ ਉਪਰਾਲਾ ਕੀਤਾ ਹੈ। ਇਹ ਗਰਾਊਂਡ ਉਸੇ ਤਰ੍ਹਾਂ ਦੀਆਂ ਸੁਵਿਧਾਵਾਂ ਨਾਲ ਲੈਸ ਹੈ, ਜਿਹੜੀਆਂ ਆਮ ਤੌਰ ’ਤੇ ਮੋਹਾਲੀ ਅਤੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਵਿੱਚ ਵੇਖਣ ਨੂੰ ਮਿਲਦੀਆਂ ਹਨ। ਇਸ ਲੀਗ ਨਾਲ ਸਥਾਨਕ ਖਿਡਾਰੀਆਂ ਦਾ ਹੌਂਸਲਾ ਕਾਫ਼ੀ ਵਧਿਆ ਹੈ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਣਾ ਮਿਲੀ ਹੈ। ਆਯੋਜਕਾਂ ਵੱਲੋਂ ਦੱਸਿਆ ਗਿਆ ਕਿ ਲੀਗ ਵਿੱਚ ਜੇਤੂ ਟੀਮ ਲਈ 1 ਲੱਖ ਰੁਪਏ, ਦੂਜੇ ਸਥਾਨ ਲਈ 50 ਹਜ਼ਾਰ ਰੁਪਏ ਸਮੇਤ ਬਿਹਤਰ ਖਿਡਾਰੀਆਂ ਲਈ ਵੱਖ ਵੱਖ ਇਨਾਮ ਰੱਖੇ ਗਏ ਹਨ। ਸ਼ਹਿਰ ਦੇ ਖੇਡ ਪ੍ਰੇਮੀਆਂ ਅਤੇ ਸਮਾਜਿਕ ਸੰਸਥਾਵਾਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਮਾਨਸਾ ਨੂੰ ਖੇਡਾਂ ਦੇ ਖੇਤਰ ’ਚ ਨਵੀਂ ਪਛਾਣ ਦਿਵਾਉਣਗੇ। ਇਸ ਮੌਕੇ ਪ੍ਰਧਾਨ ਸੰਤ ਲਾਲ ਨਗਪਾਲ, ਪ੍ਰਧਾਨ ਸਮੀਰ ਛਾਬੜਾ, ਭੂਸ਼ਨ ਅਰੋੜਾ, ਮੋਨੂੰ ਮਿੱਡਾ, ਸੰਦੀਪ ਤਾਨੇਜਾ ਆਦਿ ਸ਼ਾਮਲ ਸਨ।