ਭਾਖੜਾ ਨਹਿਰ ਦੀ ਬੰਦੀ ਕਾਰਨ ਕਿਸਾਨ ਪਰੇਸ਼ਾਨ ਭਾਖੜਾ ਮੇਨ ਬਰਾਂਚ ਵਿੱਚ ਪਾਣੀ ਦੀ
Publish Date: Thu, 02 Jul 2026 06:30 PM (IST)
Updated Date: Fri, 03 Jul 2026 04:11 AM (IST)
ਪੱਛੜ ਰਹੀ ਹੈ ਝੋਨੇ ਦੀ ਬਿਜਾਈ : ਪ੍ਰੋ. ਬਲਜੀਤ ਪਾਲ ਸਿੰਘ ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਭਾਖੜਾ ਮੇਨ ਬਰਾਂਚ ’ਚ ਪਾਣੀ ਦੀ ਬੰਦੀ ਕਾਰਨ ਕਿਸਾਨ ਪਰੇਸ਼ਾਨ ਹਨ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਕਸਬੇ ਝਨੀਰ ਕੋਲੋਂ ਲੰਘਦੀ ਭਾਖੜਾ ਮੁੱਖ ਬਰਾਚ ਨਹਿਰ ਨੂੰ ਹਰਿਆਣੇ ਵਿੱਚੋਂ ਟੋਹਾਣਾ ਹੈਡਵਰਕਸ ਤੋਂ 15 ਦਿਨਾਂ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਫਲਸਰੂਪ ਇਸ ਵਿੱਚੋਂ ਨਿਕਲਦੀਆਂ ਛੋਟੀਆਂ ਨਹਿਰਾਂ ਜਿਵੇਂ ਕਿ ਨਿਊ ਢੰਡਾਲ ਬਰਾਂਚ ਅਤੇ ਹੋਰ ਕੱਸੀਆਂ ਵਿੱਚ ਪਿਛਲੇ ਤਕਰੀਬਨ ਇੱਕ ਹਫਤੇ ਤੋਂ ਬੰਦੀ ਚੱਲ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਝੰਡਾ ਕਲਾਂ ਦੇ ਵਸਨੀਕ ਪ੍ਰੋਫੈਸਰ ਬਲਜੀਤ ਪਾਲ ਸਿੰਘ ਨੇ ਦੱਸਿਆ ਕਿ ਅੱਜ ਕੱਲ ਝੋਨੇ ਦੀ ਬਜਾਈ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਅਤੇ ਇਸ ਨਹਿਰੀ ਬੰਦੀ ਕਾਰਨ ਕਈ ਖੇਤਾਂ ਦੇ ਵਿੱਚ ਝੋਨੇ ਦੀ ਬਜਾਈ ਨਹੀਂ ਹੋ ਸਕੀ। ਇਹ ਖਦਸ਼ਾ ਹੈ ਕਿ ਜੇ ਇਹ ਬੰਦੀ ਹੋਰ ਲੰਮਾ ਸਮਾਂ ਜਾਰੀ ਰਹਿੰਦੀ ਹੈ ਤਾਂ ਬਹੁਤ ਸਾਰਾ ਰਕਬਾ ਝੋਨੇ ਦੀ ਬਜਾਈ ਤੋਂ ਬਿਨਾਂ ਹੀ ਰਹਿ ਜਾਵੇਗਾ, ਜਿਸ ਨਾਲ ਇਲਾਕੇ ਦੇ ਵਿੱਚ ਝੋਨੇ ਦੇ ਉਤਪਾਦਨ ’ਚ ਵੱਡਾ ਨੁਕਸਾਨ ਹੋ ਸਕਦਾ ਹੈ। ਪਿਛਲੇ ਕਾਫੀ ਸਾਲਾਂ ਤੋਂ ਇਹਨਾਂ ਦਿਨਾਂ ਦੌਰਾਨ ਨਿਊ ਢੰਡਾਲ ਨਹਿਰ ਵਿਚ ਲਗਾਤਾਰ ਕਾਫੀ ਪਾਣੀ ਚੱਲਦਾ ਰਿਹਾ ਹੈ ਪਰ ਇਸ ਸਾਲ ਬੰਦੀ ਕਰਕੇ ਕਿਸਾਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੋਹਾਣਾ ਤੋਂ ਹਰਿਆਣੇ ਨੂੰ ਚੱਲਣ ਵਾਲੀਆਂ ਸਾਰੀਆਂ ਨਹਿਰਾਂ ਚੱਲ ਰਹੀਆਂ ਹਨ, ਜਦਕਿ ਸਿਰਫ਼ ਭਾਖੜਾ ਮੇਨ ਬਰਾਂਚ ਨੂੰ ਹੀ ਬੰਦ ਕੀਤਾ ਗਿਆ ਹੈ। ਇੱਥੇ ਵਰਨਣਯੋਗ ਹੈ ਘੱਗਰ ਤੋਂ ਪਾਰਲੇ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ ਖਾਰਾ ਹੈ ਅਤੇ ਸਿਰਫ਼ ਨਹਿਰ ਦੇ ਪਾਣੀ ਨਾਲ ਸਿੰਚਾਈ ਉੱਪਰ ਹੀ ਖੇਤਾਂ ਦੀ ਨਿਰਭਰਤਾ ਰਹਿੰਦੀ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਗੁਰਵਿੰਦਰ ਸਿੰਘ ਨਾਹਰਾਂ, ਸਰਪੰਚ ਸ਼ਰਨਜੀਤ ਸਿੰਘ ਅਤੇ ਗੁਰਦੀਪ ਸਿੰਘ ਮਾਨਖੇੜਾ, ਦਰਸ਼ਨ ਸਿੰਘ, ਗੁਰਦੇਵ ਸਿੰਘ ਨਿਸ਼ਾਨ ਸਿੰਘ ਝੰਡਾ ਕਲਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਹਿਰੀ ਪਾਣੀ ਦੇ ਮਸਲੇ ਨੂੰ ਉੱਚ ਤਰਜੀਹ ਦੇ ਆਧਾਰ ਤੇ ਹੱਲ ਕੀਤਾ ਜਾਵੇ ਅਤੇ ਜਲਦੀ ਹੀ ਇਸ ਏਰੀਏ ਨੂੰ ਨਹਿਰੀ ਪਾਣੀ ਦੀ ਲਗਾਤਾਰ ਸਪਲਾਈ ਯਕੀਨੀ ਬਣਾਈ ਜਾਵੇ। ਇਸ ਸਬੰਧੀ ਨਹਿਰੀ ਵਿਭਾਗ ਦੇ ਜੇ ਈ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰਿਆਣਾ ਪੰਜਾਬ ਦੇ ਪਾਣੀ ਦੀ ਵੰਡ ਨੂੰ ਲੈ ਕੇ ਹੋਏ ਸਮਝੋਤੇ ਅਨੁਸਾਰ 15 ਦਿਨ ਪਾਣੀ ਹਰਿਆਣਾ ਨੂੰ ਮਿਲੇਗਾ ਅਤੇ 15 ਦਿਨ ਪੰਜਾਬ ਨੂੰ ਮਿਲੇਗਾ ਇਸ ਕਰ ਕੇ ਹੁਣ ਹਰਿਆਣੇ ਦੀ ਵਾਰੀ ਹੈ ਅਤੇ ਆਪਣੇ 15 ਦਿਨ ਨਹਿਰ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਇਸ ਸਮਝੌਤੇ ਅਨੁਸਾਰ 400 ਕਿਉਸਿਕ ਪਾਣੀ ਬੰਦੀ ਦੌਰਾਨ ਵੀ ਸਾਨੂੰ ਮਿਲਦਾ ਸੀ ਪਰ ਇਸ ਵਾਰ ਪਾਣੀ ਦੀ ਕਮੀ ਹੋਣ ਕਾਰਨ 400 ਕਿਊਸਿਕ ਪਾਣੀ ਨਹੀਂ ਮਿਲ ਰਿਹਾ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ।