ਮੰਡੀਆਂ ’ਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ : ਪ੍ਰਿੰਸੀਪਲ ਬੁੱਧ ਰਾਮ ਸਾਉਣੀ ਦੇ ਫਸਲ ਦੇ ਖ੍ਰੀਦ ਪ੍ਰਬੰਧਾਂ ਨੂੰ ਲੈ ਕੇ
Publish Date: Sat, 03 Oct 2026 06:26 PM (IST)
Updated Date: Sun, 04 Oct 2026 04:08 AM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਸਾਉਣੀ ਦੇ ਫ਼ਸਲ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਮੰਡੀਆਂ ‘ਚ ਜਾ ਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਗੱਲਬਾਤ ਕੀਤੀ। ਇਸ ਮੌਕੇ ਸਥਾਨਕ ਅਨਾਜ ਮੰਡੀ ‘ਚ ਝੋਨਾ ਅਤੇ ਨਰਮਾ ਲੈ ਕੇ ਆਏ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਦਿਆਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਉਣੀ ਸੀਜ਼ਨ ਦੌਰਾਨ ਹੁਣ ਤੱਕ 7900 ਕੁਇੰਟਲ ਬਾਸਮਤੀ ਝੋਨਾ ਅਤੇ 2400 ਕੁਇੰਟਲ ਨਰਮੇ ਦੀ ਖ਼ਰੀਦ ਹੋ ਚੁੱਕੀ ਹੈ। ਇਸ ਵਿੱਚ ਝੋਨੇ ਦਾ ਭਾਅ 4385 ਰੁਪਏ ਅਤੇ ਨਰਮੇ ਦਾ ਔਸਤਨ ਰੇਟ 8290 ਰੁਪਏ ਕੁਇੰਟਲ ਵਿੱਕ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਸਮੂਹ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਕਿ ਕਿਸਾਨਾਂ ਨੂੰ ਮੰਡੀਕਰਨ ਮੌਕੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਫ਼ਿਰ ਵੀ ਕੋਈ ਮੁਸ਼ਕਿਲ ਆਉਂਦੀ ਹੈ। ਉਸਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਧੀਆ ਮੌਸਮ ਦੇ ਚਲਦਿਆਂ ਝੋਨੇ ਅਤੇ ਨਰਮੇ ਦੀ ਬੰਪਰ ਫ਼ਸਲ ਆਉਣ ਦੀ ਉਮੀਦ ਹੈ। ਇਸ ਨੂੰ ਲੈ ਕੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਵੱਲੋਂ ਪਹਿਲਾ ਹੀ ਪੁੱਖਤਾ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਇਸ ਮੌਕੇ ਆੜ੍ਹਤੀ ਆਗੂ ਹਰਵਿੰਦਰ ਸਿੰਘ ਸੇਖੋਂ ਬੱਛੋਆਣਾ, ਪ੍ਰਵੀਨ ਕੁਮਾਰ, ਲਲਿਤ ਕੁਮਾਰ ਸ਼ੈਂਟੀ, ਗੂਰਾ ਰਾਮ, ਵਿੱਕੀ ਜਲਾਨ, ਵਿਕਾਸ ਕੁਮਾਰ ਵੱਲੋਂ ਨਵੀਂ ਅਨਾਜ ਮੰਡੀ ਦੇ ਕੰਮ ਨੂੰ ਨੇਪਰੇ ਚੜਾ ਕੇ ਉਸ ਮੰਡੀ ਵਿੱਚ ਖ੍ਰੀਦ ਕਰਨ ਦੀ ਬੇਨਤੀ ਕੀਤੀ ਗਈ। ਇਸ ਮੌਕੇ ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਨਵੀਂ ਅਨਾਜ ਮੰਡੀ ਵਿਖੇ ਆਰਜੀ ਤੌਰ ਤੇ ਝੋਨੇ ਦੀ ਖ੍ਰੀਦ ਜਲਦ ਹੀ ਸ਼ੁਰੂ ਕੀਤੀ ਜਾਵੇਗੀ ਅਤੇ ਆਉਣ ਵਾਲੇ ਕੁਝ ਹੀ ਮਹੀਨਿਆਂ ’ਚ ਅਨਾਜ ਮੰਡੀ ਦਾ ਕੰਮ ਮੁਕੰਮਲ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਖੁੱਦ ਇਸ ਦਾ ਉਦਘਾਟਨ ਕਰਨਗੇ। ਇਸ ਮੌਕੇ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਮਾਰਕਿਟ ਕਮੇਟੀ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ, ਸਕੱਤਰ ਹਰਿੰਦਰ ਸਿੰਘ, ਪੰਚਾਇਤ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਰਿਉਂਦ ਕਲਾਂ, ਮੰਡੀ ਸੁਪਰਵਾਈਜਰ ਕੁਲਦੀਪ ਸਿੰਘ, ਤਰਸੇਮ ਸਿੰਘ ਗੁਰਨੇ ਕਲਾਂ ਤੋਂ ਇਲਾਵਾ ਆੜਤੀਆ ਅਤੇ ਮਜਦੂਰ ਮੌਜੂਦ ਸਨ।