ਝੁਨੀਰ ਵਿਖੇ ਡੀਐੱਸਆਰ ਤੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਸੀ.ਆਈ.ਆਈ ਫਾਊਂਡੇਸ਼ਨ ਵੱਲੋਂ ਪੰਜਾਬ
Publish Date: Wed, 22 Jul 2026 07:23 PM (IST)
Updated Date: Thu, 23 Jul 2026 04:08 AM (IST)
ਫ਼ੋਟੋ : 06 ਐਮਏਐਨ ਕੈਪਸ਼ਨ : ਕਿਸਾਨ ਜਾਗਰੂਕਤਾ ਕੈਂਪ ਦੌਰਾਨ ਜਾਣਕਾਰੀ ਦਿੰਦੇ ਹੋਏ ਅਧਿਕਾਰੀ। ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ ਝੁਨੀਰ : ਸੀ.ਆਈ.ਆਈ ਫਾਊਂਡੇਸ਼ਨ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੇ ਸਹਿਯੋਗ ਨਾਲ ਝੁਨੀਰ ਕੋ ਆਪ੍ਰੇਟਿਵ ਸੁਸਾਇਟੀ ਵਿਖੇ ਡਾਇਰੈਕਟ ਸੀਡਡ ਰਾਈਸ (ਡੀਐਸਆਰ) ਅਤੇ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ) ਤਕਨੀਕਾਂ ਬਾਰੇ ਵਿਸ਼ਾਲ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 130 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਕੈਂਪ ਨੂੰ ਡਾ. ਜਸਬੀਰ ਸਿੰਘ ਗਿੱਲ (ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ), ਖੇਤੀਬਾੜੀ ਵਿਕਾਸ ਅਫ਼ਸਰ ਅੰਮ੍ਰਿਤਪਾਲ ਸਿੰਘ, ਨਵਕਰਨ ਸਿੰਘ ਅਤੇ ਗੁਰਦੀਪ ਕੌਰ ਨੇ ਸੰਬੋਧਨ ਕੀਤਾ। ਮਾਹਿਰਾਂ ਨੇ ਡੀ.ਐਸ.ਆਰ ਦੀ ਬਿਜਾਈ ਤੋਂ ਬਾਅਦ ਦੇ ਵਿਗਿਆਨਕ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਅਤੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਆਧੁਨਿਕ ਸੀ.ਆਰ.ਐਮ ਤਕਨੀਕਾਂ ਅਪਣਾਉਣ ਦੀ ਅਪੀਲ ਕੀਤੀ। ਆਪਣੇ ਸੰਬੋਧਨ ਦੌਰਾਨ ਡਾ. ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਡੀ.ਐਸ.ਆਰ ਤਕਨੀਕ ਨਾਲ ਪਾਣੀ ਦੀ ਬੱਚਤ ਹੁੰਦੀ ਹੈ, ਖੇਤੀ ਦੀ ਲਾਗਤ ਘਟਦੀ ਹੈ ਅਤੇ ਟਿਕਾਊ ਖੇਤੀ ਨੂੰ ਉਤਸ਼ਾਹ ਮਿਲਦਾ ਹੈ। ਉਨ੍ਹਾਂ ਕਿਹਾ ਕਿ ਡੀ.ਐਸ.ਆਰ ਦੀ ਸਫਲਤਾ ਲਈ ਫਸਲੀ ਰਹਿੰਦ-ਖੂੰਹਦ ਦਾ ਵਿਗਿਆਨਕ ਪ੍ਰਬੰਧਨ ਬਹੁਤ ਜ਼ਰੂਰੀ ਹੈ ਅਤੇ ਕਿਸਾਨਾਂ ਨੂੰ ਪੀਏਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਆਧੁਨਿਕ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ। ਖੇਤੀਬਾੜੀ ਵਿਕਾਸ ਅਫ਼ਸਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਮਨੁੱਖੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਰਕਾਰ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ) ਮਸ਼ੀਨਾਂ ਅਤੇ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਮਾਹਿਰਾਂ ਨੇ ਦੱਸਿਆ ਕਿ ਫਸਲੀ ਰਹਿੰਦ-ਖੂੰਹਦ ਦੇ ਵਿਗਿਆਨਕ ਪ੍ਰਬੰਧਨ ਨਾਲ ਮਿੱਟੀ ਵਿੱਚ ਜੈਵਿਕ ਪਦਾਰਥ ਅਤੇ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ, ਫਸਲਾਂ ਦੀ ਪੈਦਾਵਾਰ ਸੁਧਰਦੀ ਹੈ, ਰਸਾਇਣਕ ਖਾਦਾਂ ਤੇ ਨਿਰਭਰਤਾ ਘਟਦੀ ਹੈ ਅਤੇ ਹਵਾ ਪ੍ਰਦੂਸ਼ਣ ਨੂੰ ਵੀ ਕਾਬੂ ਕਰਨ ਵਿੱਚ ਮਦਦ ਮਿਲਦੀ ਹੈ। ਇਸ ਮੌਕੇ ਜਗਦੀਪ ਸਿੰਘ, ਪ੍ਰੋਜੈਕਟ ਕੋਆਡੀਨੇਟਰ, ਸੀ.ਆਈ.ਆਈ ਫਾਊਂਡੇਸ਼ਨ, ਗੁਰਵਿੰਦਰ ਸਿੰਘ (ਇੰਸਪੈਕਟਰ, ਕੋਆਪਰੇਟਿਵ ਸੁਸਾਇਟੀ ਸਰਕਲ ਝੁਨੀਰ), ਪੂਰਨ ਸਿੰਘ (ਸਕੱਤਰ, ਝੁਨੀਰ ਕੋਆਪਰੇਟਿਵ ਸੁਸਾਇਟੀ), ਪਰਮਿੰਦਰ ਸਿੰਘ (ਸੇਲਜ਼ਮੈਨ), ਨਿਰਮਲ ਸਿੰਘ (ਪ੍ਰਧਾਨ, ਝੁਨੀਰ ਕੋਆਪਰੇਟਿਵ ਸੁਸਾਇਟੀ), ਸੰਦੀਪ ਸਿੰਘ (ਸਕੱਤਰ, ਝੰਡੂਕੇ ਕੋਆਪਰੇਟਿਵ ਸੁਸਾਇਟੀ), ਸੁਖਰਾਜ ਸਿੰਘ (ਪ੍ਰਧਾਨ, ਝੰਡੂਕੇ ਕੋਆਪਰੇਟਿਵ ਸੁਸਾਇਟੀ), ਰਾਜ ਸਿੰਘ (ਸਕੱਤਰ, ਜੌੜਕੀਆਂ ਕੋਆਪਰੇਟਿਵ ਸੁਸਾਇਟੀ), ਪਰਮਜੀਤ ਸਿੰਘ (ਸਕੱਤਰ, ਭੰਮੇ ਕਲਾਂ ਕੋਆਪਰੇਟਿਵ ਸੁਸਾਇਟੀ), ਮਨਦੀਪ ਸਿੰਘ (ਸਕੱਤਰ, ਝੇਰੀਆਂਵਾਲੀ ਕੋਆਪਰੇਟਿਵ ਸੁਸਾਇਟੀ), ਹਰਜੀਤ ਸਿੰਘ ਮੀਰਪੁਰ (ਪ੍ਰਗਤੀਸ਼ੀਲ ਕਿਸਾਨ), ਪਿੰਡ ਝੁਨੀਰ ਦੇ ਸਰਪੰਚ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿੱਚ ਕਿਸਾਨਾਂ ਨਾਲ ਪ੍ਰਸ਼ਨ-ਉੱਤਰ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਮਾਹਿਰਾਂ ਨੇ ਡੀ.ਐਸ.ਆਰ ਅਤੇ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਸਬੰਧੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਕਿਸਾਨਾਂ ਨੇ ਪਰਾਲੀ ਨਾ ਸਾੜਨ ਅਤੇ ਵਿਗਿਆਨਕ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਤਕਨੀਕਾਂ ਨੂੰ ਅਪਣਾਉਣ ਦਾ ਸੰਕਲਪ ਲਿਆ।