ਹੱਦ ਕਰਜ਼ਿਆਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਡੀ ਆਰ ਦਫਤਰ ਕੀਤਾ ਘਿਰਾਓ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤਹਿਤ
Publish Date: Mon, 02 Nov 2026 05:20 PM (IST)
Updated Date: Mon, 02 Nov 2026 05:23 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਸੋਸਾਇਟੀਆਂ ਦਾ ਹੱਦ ਕਰਜ਼ਾ ਵਧਾਏ ਜਾਣ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਮਾਨਸਾ ਦੇ ਜ਼ਿਲ੍ਹਾ ਪ੍ਰੀਸ਼ਦ ਵਿਖੇ ਡੀਆਰ ਦੇ ਦਫ਼ਤਰ ਦਾ ਘਿਰਾਓ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕਿਸਾਨਾਂ ਨੇ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਵੀ ਭੇਜਿਆ। ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤਹਿਤ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਦਫ਼ਤਰ ਮਾਨਸਾ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਹਿਕਾਰਤਾ ਖੇਤਰ ਪੰਜਾਬ ਦੇ ਸਮੁੱਚੇ ਕਿਸਾਨਾਂ, ਖ਼ਾਸ ਕਰਕੇ ਛੋਟੇ ਅਤੇ ਦਰਮਿਆਨੇ ਵਰਗ ਦੀ ਰੀੜ੍ਹ ਦੀ ਹੱਡੀ ਹੈ। ਨਵੀਂ ਕੇਸੀਸੀ ਨੀਤੀ 2026 ਰਾਹੀਂ ਕੇਂਦਰੀਕਰਨ ਕਰਕੇ ਸਹਿਕਾਰੀ ਸਭਾਵਾਂ ਦੇ ਬੁਨਿਆਦੀ ਸਿਧਾਂਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ, ਸਹਿਕਾਰੀ ਸਭਾਵਾਂ ਅਤੇ ਇਨ੍ਹਾਂ ਦੇ ਮੁਲਾਜ਼ਮਾਂ ਨੂੰ ਭਾਰੀ ਨੁਕਸਾਨ ਪਹੁੰਚੇਗਾ। ਆਗੂਆਂ ਨੇ ਨਵੀਂ ਨੀਤੀ ਦੀਆਂ ਖਾਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਨੁਕਤੇ ਉਠਾਏ ਜ਼ਮੀਨ ਗਹਿਣੇ ਕਰਨ ਦੀ ਸ਼ਰਤ ਨਵੀਂ ਨੀਤੀ ਮੁਤਾਬਕ 2 ਲੱਖ ਰੁਪਏ ਤੋਂ ਵੱਧ ਹੱਦ ਕਰਜ਼ਾ (ਲਿਮਟ) ਲੈਣ ਵਾਲੇ ਕਿਸਾਨਾਂ ਨੂੰ ਜ਼ਮੀਨ ਬੈਂਕ ਕੋਲ ਗਹਿਣੇ ਕਰਨੀ ਪਵੇਗੀ, ਜਦਕਿ ਪੰਜਾਬ ਕੋਆਪਰੇਟਿਵ ਸੁਸਾਇਟੀ ਐਕਟ 1961 ਅਧੀਨ ਕਰਜ਼ੇ ਦੀ ਸੁਰੱਖਿਆ ਦੇ ਲੋੜੀਂਦੇ ਨਿਯਮ ਪਹਿਲਾਂ ਹੀ ਮੌਜੂਦ ਹਨ। ਵਿਆਜ ਦਰਾਂ ਵਿੱਚ ਵਾਧਾ ਜੇ ਕੋਈ ਕਿਸਾਨ ਸਹਿਕਾਰੀ ਸਭਾ ਤੋਂ ਇਲਾਵਾ ਕਿਸੇ ਹੋਰ ਬੈਂਕ ਤੋਂ ਫ਼ਸਲੀ ਕਰਜ਼ਾ ਲੈਂਦਾ ਹੈ, ਤਾਂ ਵਿਆਜ ਦਰ 4 ਫ਼ੀਸਦੀ ਤੋਂ ਵਧਾ ਕੇ ਸਿੱਧੀ 11 ਫ਼ੀਸਦੀ ਕੀਤੀ ਜਾ ਰਹੀ ਹੈ, ਜੋ ਸਹਿਕਾਰਤਾ ਦੇ ਮੁੱਖ ਉਦੇਸ਼ ਦੇ ਉਲਟ ਹੈ। ਹਿੱਸੇਦਾਰੀ ਵਿਚ ਵਾਧਾ ਕਿਸਾਨਾਂ ਦੀ ਸ਼ੇਅਰ ਮਨੀ (ਹਿੱਸੇਦਾਰੀ) ਵਿੱਚ ਬੇਲੋੜਾ ਵਾਧਾ ਕੀਤਾ ਗਿਆ ਹੈ—ਛੋਟੇ ਕਿਸਾਨਾਂ ਲਈ 2 ਫ਼ੀਸਦੀ ਤੋਂ ਵਧਾ ਕੇ 6 ਫ਼ੀਸਦੀ ਅਤੇ ਵੱਡੇ ਕਿਸਾਨਾਂ ਲਈ 3.3 ਫ਼ੀਸਦੀ ਤੋਂ ਵਧਾ ਕੇ 9 ਫ਼ੀਸਦੀ ਕੀਤਾ ਗਿਆ ਹੈ। ਸਮੁੱਚੀ ਰਕਮ ਬੈਂਕ ਕੋਲ ਜਾਣ ਕਾਰਨ ਸੁਸਾਇਟੀਆਂ ਦਾ 1.5 ਫ਼ੀਸਦੀ ਹਿੱਸਾ ਖ਼ਤਮ ਹੋ ਜਾਵੇਗਾ ਅਤੇ ਉਹ ਆਰਥਿਕ ਤੌਰ ਤੇ ਕਮਜ਼ੋਰ ਹੋਣਗੀਆਂ। ਵਿਆਜ਼ ਤੇ ਵਿਆਜ਼ 30 ਸਤੰਬਰ ਅਤੇ 31 ਮਾਰਚ ਤੋਂ ਬਾਅਦ ਵਿਆਜ਼ ਨੂੰ ਮੂਲ ਧਨ ਵਿੱਚ ਜੋੜ ਕੇ ਚੱਕਰਵਰਤੀ ਵਿਆਜ਼ ਵਸੂਲਿਆ ਜਾਵੇਗਾ, ਜਿਸ ਨਾਲ ਕਿਸਾਨਾਂ ਸਿਰ ਕਰਜ਼ੇ ਦਾ ਬੋਝ ਹੋਰ ਵਧੇਗਾ। ਕਿਸਾਨ ਮੋਰਚੇ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਲੋਕ-ਵਿਰੋਧੀ ਨੀਤੀ ਬਿਨ੍ਹਾਂ ਦੇਰੀ ਵਾਪਸ ਨਾ ਲਈ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਬਲਜੀਤ ਸਿੰਘ ਭੈਣੀ ਬਾਘਾ, ਸੂਬਾ ਕਮੇਟੀ ਮੈਂਬਰ ਲਛਮਣ ਸਿੰਘ ਚੱਕ ਅਲੀਸ਼ੇਰ, ਮਹਿੰਦਰ ਸਿੰਘ ਭੈਣੀ ਬਾਘਾ, ਕੁੱਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਢਿੱਲੋਂ, ਕੁੱਲ ਹਿੰਦ ਕਿਸਾਨ ਮਹਾ ਸਭਾ ਦੇ ਗੋਰਾ ਸਿੰਘ ਭੈਣੀ ਬਾਘਾ, ਬੀਕੇਯੂ ਲੱਖੋਵਾਲ ਦੇ ਪ੍ਰਸ਼ੋਤਮ ਸਿੰਘ ਉੱਡਤ, ਨਿਰਮਲ ਸਿੰਘ ਝੰਡੂਕੇ, ਬੀਕੇਯੂ ਸਿੱਧੂਪੁਰ ਦੇ ਬੋਘ ਸਿੰਘ ਮਾਨਸਾ, ਉੱਗਰ ਸਿੰਘ, ਬੀਕੇਯੂ ਮਾਲਵਾ ਦੇ ਸੁੱਚਾ ਸਿੰਘ ਮਲਕੋ, ਬੀਕੇਯੂ ਰਾਜੇਵਾਲ ਦੇ ਦਿਲਬਾਗ ਸਿੰਘ, ਗੱਗੀ ਕਲੀਪੁਰ, ਇਟਕੂ ਦੇ ਰਾਜਵਿੰਦਰ ਸਿੰਘ ਰਾਣਾ, ਕੋਆਪ੍ਰੇਟਿਵ ਸੁਸਾਇਟੀ ਮਾਨਸਾ ਦੇ ਪ੍ਰਧਾਨ ਰਮਨਦੀਪ ਸਿੰਘ ਅਤੇ ਸੇਵਾ ਮੁਕਤ ਮੁਲਾਜ਼ਮ ਸਕੱਤਰ ਹੰਸ ਰਾਜ, ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਆਗੂ ਹਾਜ਼ਰ ਸਨ।