ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਡਰੱਗ ਹੋਟ ਸਪੋਟ ਪਿੰਡਾਂ ‘ਚ ਲਗਾਏ ਜਾ ਰਹੇ ਹਨ ਰੋਜ਼ਗਾਰ ਕੈਂਪ ਡਿਪਟੀ ਕਮਿਸ਼ਨਰ ਨਵਜੋਤ ਕੌਰ, ਆਈ.ਏ.ਐੱਸ.
Publish Date: Wed, 11 Nov 2026 05:18 PM (IST)
Updated Date: Wed, 11 Nov 2026 05:21 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਜ਼ਿਲ੍ਹੇ ਦੇ ਡਰੱਗ ਹੋਟ ਸਪੋਟ ਪਿੰਡਾਂ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਤੇ ਉਨ੍ਹਾਂ ਦੀ ਯੋਗਤਾ ਮੁਤਾਬਿਕ ਭਵਿੱਖ ਲਈ ਸਹੀ ਸੇਧ ਦੇਣ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਮਾਨਸਾ ਦੀ ਟੀਮ ਵੱਲੋਂ ਲਗਾਤਾਰ ਰੋਜ਼ਗਾਰ ਕੈਂਪ ਲਗਾ ਕੇ ਬੇਰੁਜ਼ਗਾਰ ਨੌਜਵਾਨਾਂ ਦੀ ਪਲੇਸਮੈਂਟ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਪਰਮਜੀਤ ਕੌਰ ਨੇ ਦੱਸਿਆ ਕਿ 12 ਨਵੰਬਰ ਨੂੰ ਪਿੰਡ ਅਕਲੀਆ ਅਤੇ 13 ਨੂੰ ਪਿੰਡ ਆਹਲੂਪੁਰ ਵਿਖੇ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਕਲੀਆ ਵਿਖੇ ਲੱਗਣ ਵਾਲੇ ਕੈਂਪ ਵਿਚ ਪ੍ਰਮੁੱਖ ਕੰਪਨੀਆਂ ਸਕਿਊਰਟੀ ਐਂਡ ਇੰਟੈਲੀਜੈਂਸ ਸਰਵਿਸਿਜ਼ ਇੰਡੀਆ ਲਿਮਟਡ ਤੇ ਮੁਥੂਟ ਮਾਈਕ੍ਰੋਫਿਨ ਵੱਲੋਂ ਕਰੀਬ 100 ਖਾਲੀ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਕਿਊਰਟੀ ਗਾਰਡ ਦੀਆਂ ਅਸਾਮੀਆਂ ਲਈ ਘੱਟੋ ਘੱਟ ਯੋਗਤਾ 10ਵੀਂ ਪਾਸ ਤੇ ਰਿਲੇਸ਼ਨਸ਼ਿਪ ਅਫ਼ਸਰ ਦੀਆਂ ਅਸਾਮੀਆਂ ਲਈ ਘੱਟੋ ਘੱਟ ਯੋਗਤਾ 12ਵੀਂ ਪਾਸ ਹੋਣੀ ਲਾਜ਼ਮੀ ਹੈ। ਅਸਾਮੀਆਂ ਲਈ ਉਮੀਦਵਾਰ ਦੀ ਉਮਰ ਸੀਮਾਂ 21 ਤੋਂ 35 ਸਾਲ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਸਵੈ ਰੋਜ਼ਗਾਰ, ਲੋਨ ਜਾਂ ਟਰੇਨਿੰਗ ਦੇ ਚਾਹਵਾਨ ਨੌਜਵਾਨਾਂ ਨੂੰ ਸਰਕਾਰੀ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਇਸ ਉਪਰੰਤ ਚਾਹਵਾਨ ਪ੍ਰਾਰਥੀਆਂ ਦਾ ਲੋੜੀਂਦਾ ਡਾਟਾ ਇਕੱਤਰ ਕਰਕੇ ਸਬੰਧਤ ਵਿਭਾਗਾਂ ਨੂੰ ਭੇਜਿਆ ਜਾਵੇਗਾ ਤਾਂ ਜੋ ਉਹ ਸੁਚੱਜੇ ਢੰਗ ਨਾਲ ਆਪਣਾ ਕੰਮ ਸ਼ੁਰੂ ਕਰ ਸਕਣ ਜਾਂ ਹੁਨਰ ਸਿਖਲਾਈ ਪ੍ਰਾਪਤ ਕਰ ਸਕਣ। ਉਨ੍ਹਾਂ ਪਿੰਡ ਅਕਲੀਆ ਤੇ ਆਹਲੂਪੁਰ ਤੇ ਨਾਲ ਲੱਗਦੇ ਪਿੰਡਾਂ ਦੇ ਵਸਨੀਕ ਲੜਕੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਾਲੇ ਦਿਨ ਸਵੇਰੇ 10 ਵਜੇ ਆਪਣੀ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ, ਆਧਾਰ ਕਾਰਡ ਤੇ ਵਿੱਦਿਅਕ ਯੋਗਤਾ ਦਾ ਵੇਰਵਾ (ਰਜ਼ਿਊਮ) ਲੈ ਕੇ ਕੈਂਪ ਵਿਚ ਪਹੁੰਚਣ ਤੇ ਇਸ ਮੌਕੇ ਦਾ ਲਾਭ ਉਠਾਉਣ।