ਰੋਜ਼ਗਾਰ ਬਿਊਰੋ ਵੱਲੋਂ ਸਰਕਾਰੀ ਸਕੂਲ ਗੰਡੂ ਕਲਾਂ ਵਿਖੇ ਕਰੀਅਰ ਕੌਂਸਲਿੰਗ ਸੈਸ਼ਨ ਕਰਵਾਇਆ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ
Publish Date: Sat, 10 Oct 2026 04:04 PM (IST)
Updated Date: Sat, 10 Oct 2026 04:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮਾਨਸਾ ਵੱਲੋਂ ਵਿਦਿਆਰਥੀਆਂ ਨੂੰ ਭਵਿੱਖ ਦੇ ਸੁਨਹਿਰੀ ਮੌਕਿਆਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਡੂ ਕਲਾਂ ਵਿਖੇ ਇੱਕ ਵਿਸ਼ੇਸ਼ ਕਰੀਅਰ ਕਾਊਂਲਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਵਿਚ ਸਕੂਲ ਦੇ ਲਗਭਗ 140 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਪਰਮਜੀਤ ਕੌਰ, ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਚੇਰੀ ਸਿੱਖਿਆ, ਸਵੈ - ਰੋਜ਼ਗਾਰ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਮੁਫ਼ਤ ਹੁਨਰ ਸਿਖਲਾਈਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰੋਜ਼ਗਾਰ ਦਫ਼ਤਰ ਦੇ ਪੋਰਟਲ ਤੇ ਰਜਿਸਟ੍ਰੇਸ਼ਨ ਕਰਵਾਉਣ ਦੇ ਲਾਭ, ਵਿਭਾਗ ਵੱਲੋਂ ਸਮੇਂ - ਸਮੇਂ ਤੇ ਲਗਾਏ ਜਾਂਦੇ ਪਲੇਸਮੈਂਟ ਕੈਂਪ, ਸਵੈ - ਰੋਜ਼ਗਾਰ ਸਕੀਮਾਂ ਤਹਿਤ ਦਿੱਤੇ ਜਾਂਦੇ ਕਰਜ਼ਿਆਂ ਅਤੇ ਉਚੇਰੀ ਪੜ੍ਹਾਈ ਲਈ ਐਜੂਕੇਸ਼ਨ ਲੋਨ ਦੀ ਸੁਵਿਧਾ ਬਾਰੇ ਜਾਣੂ ਕਰਵਾਇਆ। ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਮਾਰਗਦਰਸ਼ਨ ਸੈਸ਼ਨਾਂ ਤੋਂ ਲਾਹਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਅਧਿਆਪਕ ਰਜਨੀ ਸਿੰਗਲਾ (ਟੀਜੀਟੀ), ਇਕਬਾਲ ਸਿੰਘ (ਟੀਜੀਟੀ), ਜਸਵੀਰ ਸਿੰਘ (ਟੀਜੀਟੀ) ਅਤੇ ਸੁਖਵੀਰ ਕੌਰ (ਟੀਜੀਟੀ) ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।