ਖਜ਼ਾਨਾ ਮੰਤਰੀ ਖ਼ਿਲਾਫ਼ ਭੜਕੇ ਮੁਲਾਜ਼ਮ, ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਗੇਟ ਰੈਲੀ ਕਰ ਕੀਤਾ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਵਿੱਤ ਮੰਤਰੀ
Publish Date: Wed, 12 Aug 2026 05:13 PM (IST)
Updated Date: Wed, 12 Aug 2026 05:14 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸਰਕਾਰੀ ਮੁਲਾਜ਼ਮਾਂ ਨੂੰ ਐਂਟੀ ਸਟੇਟ (ਸੂਬਾ ਵਿਰੋਧੀ) ਆਖਣ ਦੇ ਵਿਰੋਧ ਵਿੱਚ ਜ਼ਿਲ੍ਹਾ ਮਾਨਸਾ ਦੇ ਮੁਲਾਜ਼ਮਾਂ ’ਚ ਭਾਰੀ ਰੋਸ ਫੈਲ ਗਿਆ ਹੈ। ਇਸ ਦੇ ਵਿਰੋਧ ’ਚ 11 ਅਗਸਤ 2026 ਨੂੰ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਇਕੱਠੇ ਹੋ ਕੇ ਵਿਸ਼ਾਲ ਗੇਟ ਰੈਲੀ ਕੀਤੀ ਗਈ, ਜਿਸ ਵਿਚ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀਐਸਐਮਐਸਯੂ) ਦੇ ਆਗੂ ਪ੍ਰਤਾਪ ਸਿੰਘ ਖੁਡਾਲ ਨੇ ਕਿਹਾ ਕਿ ਆਪਣੀਆਂ ਜਾਇਜ਼ ਅਤੇ ਲਟਕਦੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸੂਬੇ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਬਾਰੇ ਅਜਿਹੀ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਸਿਹਤ ਵਿਭਾਗ) ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਨੇ ਕਿਹਾ ਕਿ ਸਰਕਾਰ ਪੁਰਾਣੀ ਪੈਨਸ਼ਨ ਸਕੀਮ, ਪੇ - ਕਮਿਸ਼ਨ ਦੇ ਬਕਾਏ, ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ, ਡੀਏ ਅਤੇ ਭੱਤਿਆਂ ਦੀ ਬਹਾਲੀ ਵਰਗੀਆਂ ਮੰਨੀਆਂ ਮੰਗਾਂ ਤੋਂ ਭੱਜ ਰਹੀ ਹੈ। ਅਜਿਹੇ ਬਿਆਨਾਂ ਨਾਲ ਮੁਲਾਜ਼ਮ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ। ਡੀਸੀ ਦਫ਼ਤਰ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਤੇ ਸਟੇਟ ਕਾਨੂੰਨੀ ਸਲਾਹਕਾਰ ਹਰਪ੍ਰੀਤ ਸਿੰਘ ਨੇ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਵਿੱਤ ਮੰਤਰੀ ਨੇ ਆਪਣੇ ਸ਼ਬਦ ਤੁਰੰਤ ਵਾਪਸ ਨਾ ਲਏ ਤਾਂ 13 ਅਗਸਤ 2026 ਨੂੰ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ 15 ਅਗਸਤ 2026 ਤੱਕ ਮੰਗਾਂ ਨਾ ਮੰਨੀਆਂ ਤਾਂ 17 ਅਤੇ 18 ਅਗਸਤ 2026 ਨੂੰ ਜ਼ਿਲ੍ਹਾ ਮਾਨਸਾ ਦੇ ਸਮੂਹ ਸਰਕਾਰੀ ਦਫ਼ਤਰਾਂ ਵਿੱਚ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਕੀਤੀ ਜਾਵੇਗੀ, ਜਿਸ ਨਾਲ ਆਮ ਪਬਲਿਕ ਨੂੰ ਹੋਣ ਵਾਲੀ ਖ਼ੱਜਲ-ਖ਼ੁਆਰੀ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਰੈਲੀ ’ਚ ਅੰਮ੍ਰਿਤਪਾਲ ਸਿੰਘ, ਬੂਟਾ ਸਿੰਘ, ਰਕੇਸ਼ ਕੁਮਾਰ, ਵਿਸ਼ਾਲ ਕੁਮਾਰ, ਲਵਦੀਪ ਕੁਮਾਰ, ਹਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਲਿਤ ਕੁਮਾਰ, ਚੰਦਰਸ਼ੇਖਰ, ਲਵਲੀ ਗੋਇਲ, ਕ੍ਰਿਸ਼ਨ ਕੁਮਾਰ, ਸੰਤੋਸ਼ ਭਾਰਤੀ, ਅਮਰੀਕ ਸਿੰਘ, ਜਸਪ੍ਰੀਤ ਕੌਰ, ਸੰਦੀਪ ਕੌਰ, ਹਰਪ੍ਰੀਤ ਕੌਰ, ਸ਼ੈਲੀ ਰਾਣੀ, ਕਰਮਜੀਤ ਕੌਰ, ਗੀਤਾ ਗੁਪਤਾ, ਸ਼ਿਖਾ, ਨਿਸ਼ਾ ਰਾਣੀ, ਸੁਨੀਤਾ ਰਾਣੀ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।