ਮੁਲਾਜ਼ਮ ਤੇ ਪੈਨਸ਼ਨਰ 10 ਅਕਤੂਬਰ ਨੂੰ ਸੰਗਰੂਰ ’ਚ ਕਰਨਗੇ ਮੁਜ਼ਾਹਰਾ ਪੰਜਾਬ ਭਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ
Publish Date: Fri, 02 Oct 2026 05:34 PM (IST)
Updated Date: Fri, 02 Oct 2026 05:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਭਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਆਪਣੀਆਂ ਮੰਗਾਂ ਨੂੰ ਲੈ ਕੇ 10 ਅਕਤੂਬਰ ਨੂੰ ਸੰਗਰੂਰ ਵਿਖੇ ਲਾ ਮਿਸਾਲ ਰੈਲੀ ਕਰੇਗੀ। ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕਰ ਕੇ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਮੋਲਕ ਡੇਲੂਆਣਾ, ਬਾਬੂ ਸਿੰਘ ਫ਼ਤਿਹਪੁਰ, ਪ੍ਰਤਾਪ ਸਿੰਘ ਖੁਡਾਲ, ਕਰਮਜੀਤ ਤਾਮਕੋਟ, ਲਖਵਿੰਦਰ ਮਾਨ, ਦਰਸ਼ਨ ਅਲੀਸ਼ੇਰ ਅਤੇ ਗੁਰਚਰਨ ਮੰਦਰਾਂ ਨੇ ਕਿਹਾ ਕਿ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਵੱਲੋਂ ਐਲਾਨੇ 8 ਫ਼ੀਸਦੀ ਡੀਏ ਨਾਲ ਸੰਤੁਸ਼ਟ ਨਹੀਂ ਬਲਕਿ ਉਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਰੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਸੰਗਰੂਰ ਵਿਖੇ 10 ਅਕਤੂਬਰ ਨੂੰ ਸੂਬਾ ਪੱਧਰੀ ਮਹਾਂ ਰੈਲੀ ਕਰਨਗੇ। ਆਗੂਆਂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਉਨ੍ਹਾਂ ਨੂੰ ਸਿਰਫ਼ ਭਰੋਸੇ ਤੋਂ ਸਿਵਾਏ ਹੋਰ ਕੁਝ ਨਹੀਂ ਮਿਲਿਆ। ਬਿੱਕਰ ਸਿੰਘ ਮਾਖਾ, ਜਸਵੰਤ ਸਿੰਘ, ਜੀਤ ਸਿੰਘ, ਸੁੱਖਵਿੰਦਰ ਸਿੰਘ, ਯਾਦਵਿੰਦਰ ਸਿੰਘ, ਹਰਪਾਲ ਸਿੰਘ ਮੂਲੇਵਾਲੀਆ, ਗੁਰਜੰਟ ਸਿੰਘ, ਮੇਜਰ ਸਿੰਘ, ਜੱਗਾ ਸਿੰਘ ਅਲੀਸ਼ੇਰ ਨੇ ਕਿਹਾ ਕਿ ਮੁਲਾਜ਼ਮ ਆਪਣੀਆਂ ਸਾਰੀਆਂ ਮੰਗਾਂ ਪੁਰਾਣੀ ਪੈਨਸ਼ਨ ਬਹਾਲ ਕਰਨੀ, ਪੱਤਰ ਵਾਪਿਸ ਕਰਵਾਉਣ, ਪੈਂਡਿੰਗ 13 ਫ਼ੀਸਦੀ ਡੀਏ ਜਾਰੀ ਕਰਨਾ, ਮਾਣ ਭੱਤਾ ਵਰਕਰਾਂ ਦੇ ਭੱਤੇ ਵਿੱਚ ਵਾਧਾ ਕਰਨਾ, ਕੱਚੇ ਮੁਲਾਜ਼ਮ ਪੱਕੇ ਕਰਨਾ, 37 ਤਰ੍ਹਾਂ ਦੇ ਕੱਟੇ ਭੱਤੇ ਬਹਾਲ ਕਰਨਾ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦੇਣਾ, 200 ਰੁਪਏ ਜ਼ਜ਼ੀਆ ਟੈਕਸ ਬੰਦ ਕਰਨ ਆਦਿ ਹੱਕੀ ਮੰਗਾਂ ਪੂਰ੍ਹੀਆਂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨਵਦੀਪ ਸਿੰਘ, ਨਾਜ਼ਮ ਸਿੰਘ, ਸੁਰਜੀਤ ਯਾਦਵ, ਵਰਿੰਦਰਪਾਲ ਸਿੰਘ ਨੇ ਮਾਨਸਾ ਜ਼ਿਲ੍ਹੇ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੱਦਾ ਦਿੱਤਾ ਕਿ ਉਹ ਪਰਿਵਾਰਾਂ ਸਮੇਤ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਵਿੱਚ ਪਹੁੰਚਣ। ਮੁਲਾਜ਼ਮ ਆਗੂਆਂ ਲਖਵੰਤ ਸਿੰਘ, ਮੇਲਾ ਸਿੰਘ ਨੇ ਕਿਹਾ ਕਿ 10 ਅਕਤੂਬਰ ਨੂੰ ਮਾਨਸਾ ਤੋ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਸੰਗਰੂਰ ਵਿਖੇ ਪਹੁੰਚਣਗੇ।