ਬਿਜਲੀ ਮੁਲਾਜ਼ਮਾਂ ਦਾ ਭਖਿਆ ਸੰਘਰਸ਼, 2 ਦਿਨ ਹੋਰ ਸਮੂਹਿਕ ਛੁੱਟੀ ’ਤੇ ਅਰਧ ਸ਼ਹਿਰੀ ਮਾਨਸਾ ਵਿਖੇ ਪਾਵਰਕਾਮ
Publish Date: Fri, 24 Jul 2026 08:24 PM (IST)
Updated Date: Sat, 25 Jul 2026 04:10 AM (IST)
ਕਾਮਿਆਂ ਦੀ ਹੜਤਾਲ ਦੇ ਕਾਰਨ ਕਈ ਜਗ੍ਹਾ ਖਰਾਬ ਹੋਈ ਬਿਜਲੀ ਨੂੰ ਠੀਕ ਕਰਵਾਉਣ ਲਈ ਮੁਸ਼ਕਿਲਾਂ ‘ਚ ਲੋਕ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਬਿਜਲੀ ਕਾਮਿਆਂ ਦਾ ਸੰਘਰਸ਼ ਲਗਾਤਾਰ ਮਘਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਇਹ ਬਿਜਲੀ ਕਾਮੇ ਆਪਣੀਆਂ ਮੰਗਾਂ ਮੰਨਵਾਉਣ ਲਈ ਲਗਾਤਾਰ ਹੜਤਾਲ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਤੇ ਬਿਜਲੀ ਖਰਾਬ ਹੋ ਜਾਂਦੀ ਹੈ ਤਾਂ ਮੁਸੀਬਤ ਬਣ ਜਾਂਦੀ ਹੈ, ਜਦੋਂਕਿ ਕਿਸਾਨ ਵੀ ਬਿਜਲੀ ਫਾਲਟ ਪੈਣ ’ਤੇ ਮੋਟਰਾਂ ਚਲਵਾਉਣ ਲਈ ਪ੍ਰਾਈਵੇਟ ਵਿਅਕਤੀਆਂ ਦੀ ਭਾਲ ਕਰਦੇ ਨਜ਼ਰ ਆਉਂਦੇ ਹਨ। ਭਾਵੇਂਕਿ ਇਹ ਬਿਜਲੀ ਮੁਲਾਜ਼ਮ ਆਪਣੀਆਂ ਮੰਗਾਂ ਮੰਨਵਾਉਣ ਲਈ ਮਜ਼ਬੂਰਨ ਧਰਨਾ ਦੇਣ ਦੀ ਗੱਲ ਆਖ ਰਹੇ ਹਨ। ਜਥੇਬੰਦੀਆਂ ਦੇ ਆਗੂਆਂ ਵੱਲੋਂ ਮਨੇਜ਼ਮੈਂਟ ਖ਼ਿਲਾਫ਼ ਸਮੂਹਿਕ ਛੁੱਟੀ ਭਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ’ਚ ਲਗਾਤਾਰ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ, ਜੇਕਰ ਮੁਲਾਜ਼ਮ ਮੰਗਾਂ ਅਤੇ ਮਸਲੇ ਜਲਦੀ ਹੱਲ ਨਾ ਕੀਤੇ ਗਏ ਤਾਂ ਬਿਜਲੀ ਮੁਲਾਜ਼ਮਾਂ ਦਾ ਸੰਘਰਸ਼ ਲਗਾਤਾਰ ਹੋਰ ਵੀ ਅੱਗੇ ਵਧੇਗਾ। ਅੱਜ ਦੇ ਰੋਸ ਧਰਨੇ ਵਿੱਚ ਵਰਿੰਦਰਪਾਲ ਲਾਡੀ, ਸੁਖਪ੍ਰੀਤ ਸਿੰਘ, ਅੰਮ੍ਰਿਤਪਾਲ ਜੋਈਆਂ, ਮਨਦੀਪ ਸਿੰਘ, ਬਲਰਾਜ ਸਿੰਘ, ਜਗਸੀਰ ਕੋਟਲੱਲੂ, ਸੁਖਵੀਰ ਹਨੀ, ਗੁਰਦਿੱਤ ਸਿੰਘ, ਬਿੱਕਰ ਮਾਖਾ, ਹਰਮਨ ਫ਼ਤਿਹਪੁਰ, ਜਤਿੰਦਰ ਸਿੰਘ ਮੂਸਾ, ਪ੍ਰਦੀਪ ਸਿੰਘ, ਸੰਜੀਵ ਕੁਮਾਰ ਆਦਿ ਹਾਜ਼ਰ ਸਨ। ਬਾਕਸ-- ਕਿਸਾਨਾਂ ਦੀਆਂ ਵੀ ਵੱਧ ਰਹੀਆਂ ਹਨ ਮੁਸ਼ਕਿਲਾਂ : ਭੈਣੀਬਾਘਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਬਿਜਲੀ ਕਾਮਿਆਂ ਵੱਲੋਂ ਆਪਣੀਆਂ ਮੰਗਾਂ, ਮਸਲਿਆਂ ‘ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਨਾਲ ਕਿਸਾਨਾਂ ਨੂੰ ਵੀ ਦਿੱਕਤਾਂ ਜ਼ਰੂਰ ਆ ਰਹੀਆਂ ਹਨ। ਇਹ ਕਿਸਾਨਾਂ ਨੂੰ ਹੀ ਨਹੀਂ , ਸਗੋਂ ਆਮ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਕਿਤੇ ਕੋਈ ਬਿਜਲੀ ਖਰਾਬ ਹੋ ਜਾਂਦੀ ਹੈ ਤਾਂ ਪ੍ਰਾਈਵੇਟ ਵਿਅਕਤੀ ਬੁਲਾ ਕੇ ਉਹ ਬਿਜਲੀ ਸੁਚੱਜੇ ਢੰਗ ਨਾਲ ਚਲਵਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ। ਪੈਡੀ ਸੀਜ਼ਨ ਹੈ ਅਤੇ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਪਰ ਜੇਕਰ ਦੇਖਿਆ ਜਾਵੇ ਤਾਂ ਇਹ ਇਕੱਲੇ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਉਹ ਆਪਣੇ ਹੱਕਾਂ ਲਈ ਲੜ ਰਹੇ ਹਨ। ਪਰ ਸਰਕਾਰਾਂ ਦੀ ਨਲਾਇਕੀ ਹੈ, ਜੋ ਉਨ੍ਹਾਂ ਦੀਆ ਮੰਗਾਂ ਨਾ ਮੰਨ ਕੇ ਲੋਕਾਂ ਦੀਆਂ ਦਿੱਕਤਾਂ ਨੂੰ ਵਧਾ ਰਹੀ ਹੈ। ਸਰਕਾਰ ਇੰਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਜਲਦ ਇਹ ਮਸਲਾ ਹੱਲ ਕਰੇ। ਪਿੰਡ ਮਲਕੋਂ ਦੇ ਇੱਕ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੀ ਬਿਜਲੀ ਫਾਲਟ ਕਾਰਨ ਮੋਟਰ ਨਹੀਂ ਚੱਲ ਰਹੀ ਸੀ। ਮਜ਼ਬੂਰਨ ਉਨ੍ਹਾਂ ਨੂੰ ਪ੍ਰਾਈਵੇਟ ਵਿਅਕਤੀ ਉਸ ਨੂੰ ਚਲਵਾਉਣਾ ਪਿਆ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਤਾਂ ਜਰੂਰ ਵੱਧ ਰਹੀਆਂ ਹਨ।