ਪੰਜਾਬ ਵਿਧਾਨ ਸਭਾ ਦਾ ਵਿੱਦਿਅਕ ਦੌਰਾ ਵਿਦਿਆਰਥੀਆਂ ਲਈ ਰਿਹਾ ਯਾਦਗਾਰੀ ਫ਼ਰੀਡਮ ਫ਼ਾਈਟਰ ਕੁੰਦਨ ਸਿੰਘ ਪੀ.ਐਮ. ਸ੍ਰੀ
Publish Date: Sat, 07 Nov 2026 03:42 PM (IST)
Updated Date: Sat, 07 Nov 2026 03:44 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਫ਼ਰੀਡਮ ਫ਼ਾਈਟਰ ਕੁੰਦਨ ਸਿੰਘ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੈਣੀ ਬਾਘਾ ਦੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਦਾ ਵਿੱਦਿਅਕ ਦੌਰਾ ਕੀਤਾ ਗਿਆ। ਇਹ ਦੌਰਾ ਮਾਨਯੋਗ ਵਿਧਾਇਕ ਮਾਨਸਾ ਵਿਜੈ ਕੁਮਾਰ ਸਿੰਗਲਾ ਦੀ ਰਹਿਨੁਮਾਈ ਹੇਠ ਅਤੇ ਸਕੂਲ ਦੇ ਡੀਪੀਈ ਨਿਰਮਲ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਸਫ਼ਲਤਾ ਪੂਰਵਕ ਸੰਪੰਨ ਹੋਇਆ। ਇਸ ਵਿੱਦਿਅਕ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਦੀ ਬਣਤਰ, ਕਾਰਜਪ੍ਰਣਾਲੀ, ਵਿਧਾਨਕ ਪ੍ਰੰਕਿਰਿਆ ਤੇ ਲੋਕਤੰਤਰੀ ਪ੍ਰਣਾਲੀ ਵਿਚ ਵਿਧਾਨ ਸਭਾ ਦੀ ਮਹੱਤਵਪੂਰਨ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ। ਵਿਦਿਆਰਥੀਆਂ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਲੋਕਤੰਤਰੀ ਪ੍ਰਕਿਰਿਆ ਨੂੰ ਨੇੜਿਓਂ ਸਮਝਣ ਦਾ ਸੁਨਹਿਰੀ ਮੌਕਾ ਪ੍ਰਾਪਤ ਕੀਤਾ। ਇਸ ਅਨੁਭਵ ਨੇ ਵਿਦਿਆਰਥੀਆਂ ਦੇ ਰਾਜਨੀਤਿਕ, ਸਮਾਜਿਕ ਅਤੇ ਨਾਗਰਿਕ ਗਿਆਨ ਵਿੱਚ ਵਾਧਾ ਕੀਤਾ। ਸਕੂਲ ਇੰਚਾਰਜ ਯੋਗਿਤਾ ਜੋਸ਼ੀ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਅਨੁਭਵ ਪ੍ਰਾਪਤ ਕਰਨਾ ਵੀ ਬਹੁਤ ਜ਼ਰੂਰੀ ਹੈ। ਪੰਜਾਬ ਵਿਧਾਨ ਸਭਾ ਦਾ ਇਹ ਦੌਰਾ ਵਿਦਿਆਰਥੀਆਂ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ, ਸੰਵਿਧਾਨਕ ਜਾਗਰੂਕਤਾ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਭਾਵਨਾ ਵਿਕਸਿਤ ਕਰਨ ਵਿਚ ਸਹਾਈ ਸਿੱਧ ਹੋਵੇਗਾ। ਇਸ ਮੌਕੇ ਸਕੂਲ ਇੰਚਾਰਜ ਯੋਗਿਤਾ ਜੋਸ਼ੀ ਦੇ ਨਾਲ ਲੈਕਚਰਾਰ ਚਰਨਜੀਤ ਕੌਰ, ਜ਼ਿਆ, ਅਨੁਪਮ ਮਦਾਨ, ਰੇਨੂੰ ਗੁਪਤਾ ਤੇ ਅਧਿਆਪਕ ਸਾਹਿਬਾਨ ਲਤਾ ਰਾਣੀ, ਜਗਮੀਤ ਸਿੰਘ, ਸਤ ਨਰਾਇਣ ਸ਼ਰਮਾ, ਕੁਲਵਿੰਦਰ ਕੌਰ, ਨਵਦੀਪ ਸ਼ਰਮਾ ਅਤੇ ਨੂਰਦੀਪ ਸਿੰਘ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ। ਪੰਜਾਬ ਵਿਧਾਨ ਸਭਾ ਦੇ ਦੌਰੇ ਉਪਰੰਤ ਵਿਦਿਆਰਥੀਆਂ ਨੇ ਚੰਡੀਗੜ੍ਹ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਰੌਕ ਗਾਰਡਨ ਤੇ ਸੁਖਨਾ ਝੀਲ ਦਾ ਵੀ ਦੌਰਾ ਕੀਤਾ। ਇਨ੍ਹਾਂ ਸਥਾਨਾਂ ਦੀ ਸੁੰਦਰਤਾ ਤੇ ਵਿਲੱਖਣਤਾ ਨੇ ਵਿਦਿਆਰਥੀਆਂ ਨੂੰ ਖੂਬ ਪ੍ਰਭਾਵਿਤ ਕੀਤਾ। ਵਿਦਿਆਰਥੀਆਂ ਨੇ ਇਸ ਦੌਰੇ ਦੌਰਾਨ ਭਰਪੂਰ ਆਨੰਦ ਮਾਣਿਆ ਤੇ ਨਵੇਂ ਤਜਰਬੇ ਹਾਸਲ ਕੀਤੇ। ਸਕੂਲ ਇੰਚਾਰਜ ਯੋਗਿਤਾ ਜੋਸ਼ੀ ਨੇ ਇਸ ਵਿੱਦਿਅਕ ਦੌਰੇ ਲਈ ਮਾਨਯੋਗ ਵਿਧਾਇਕ ਵਿਜੈ ਕੁਮਾਰ ਸਿੰਗਲਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਨਿਰਮਲ ਸਿੰਘ ਡੀ.ਪੀ.ਈ. ਅਤੇ ਸਮੂਹ ਸਹਿਯੋਗੀ ਅਧਿਆਪਕਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਹ ਵਿੱਦਿਅਕ ਦੌਰਾ ਵਿਦਿਆਰਥੀਆਂ ਲਈ ਗਿਆਨਵਰਧਕ, ਪ੍ਰੇਰਨਾਦਾਇਕ ਅਤੇ ਅਭੁੱਲ ਯਾਦਾਂ ਨਾਲ ਭਰਪੂਰ ਹੋ ਨਿਬੜਿਆ।