ਬਾਲ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਦੀ ਜੈਸਲਮੇਰ ਵਿਦਿਅਕ ਯਾਤਰਾ ਬਣੀ ਯਾਦਗਾਰੀ ਬਾਲ ਵਾਟਿਕਾ ਪਬਲਿਕ ਸਕੂਲ, ਟਿੱਬੀ ਹਰੀ ਸਿੰਘ
Publish Date: Wed, 18 Nov 2026 04:13 PM (IST)
Updated Date: Wed, 18 Nov 2026 04:15 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ ਬਾਲ ਵਾਟਿਕਾ ਪਬਲਿਕ ਸਕੂਲ, ਟਿੱਬੀ ਹਰੀ ਸਿੰਘ ਸਰਦੂਲਗੜ੍ਹ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ 14 ਤੋਂ 17 ਨਵੰਬਰ 2026 ਤੱਕ ਰਾਜਸਥਾਨ ਦੇ ਇਤਿਹਾਸਕ ਸ਼ਹਿਰ ਜੈਸਲਮੇਰ ਦੀ ਤਿੰਨ ਰੋਜ਼ਾ ਵਿਦਿਅਕ ਯਾਤਰਾ ਕਰਵਾਈ ਗਈ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇਹ ਯਾਤਰਾ ਵਿਦਿਆਰਥੀਆਂ ਲਈ ਗਿਆਨ, ਮਨੋਰੰਜਨ, ਸਾਹਸ ਤੇ ਸੱਭਿਆਚਾਰਕ ਜਾਣਕਾਰੀ ਦਾ ਬਹੁਤ ਹੀ ਵਧੀਆ ਸੁਮੇਲ ਰਹੀ। ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਕੁਲਧਰਾ ਪਿੰਡ, ਜੈਸਲਮੇਰ ਕਿਲ੍ਹਾ, ਪਟਵਾ ਹਵੇਲੀ, ਗੜੀਸਰ ਝੀਲ ਤੇ ਜੈਸਲਮੇਰ ਵਾਰ ਮਿਊਜ਼ੀਅਮ ਵਰਗੀਆਂ ਪ੍ਰਸਿੱਧ ਇਤਿਹਾਸਕ ਥਾਵਾਂ ਦਾ ਦੌਰਾ ਕੀਤਾ। ਜੈਸਲਮੇਰ ਵਾਰ ਮਿਊਜ਼ੀਅਮ ਵਿਖੇ ਲੇਜ਼ਰ ਸ਼ੋਅ ਵੀ ਦੇਖਿਆ, ਜਿਸ ਰਾਹੀਂ ਵਿਦਿਆਰਥੀਆਂ ਨੂੰ ਭਾਰਤੀ ਫੌਜ ਦੇ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਤੇ ਦੇਸ਼ ਪ੍ਰਤੀ ਸਮਰਪਣ ਬਾਰੇ ਜਾਣਕਾਰੀ ਮਿਲੀ। ਇਸ ਤੋਂ ਇਲਾਵਾ ਡੈਜ਼ਰਟ ਵੈਲੀ ਰਿਜ਼ੋਰਟ ਵਿਖੇ ਵਿਦਿਆਰਥੀਆਂ ਨੇ ਰੋਮਾਂਚਕ ਜੀਪ ਸਫਾਰੀ, ਊਠ ਦੀ ਸਵਾਰੀ ਅਤੇ ਰਾਜਸਥਾਨੀ ਸੱਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ। ਰਾਜਸਥਾਨ ਦੇ ਰਵਾਇਤੀ ਲੋਕ ਨਾਚ, ਸੰਗੀਤ ਅਤੇ ਸੱਭਿਆਚਾਰ ਦੀ ਝਲਕ ਨੇ ਸਾਰਿਆਂ ਦਾ ਮਨ ਮੋਹ ਲਿਆ। ਇਹ ਯਾਤਰਾ ਵਿਦਿਆਰਥੀਆਂ ਲਈ ਬੇਹੱਦ ਯਾਦਗਾਰੀ ਅਤੇ ਗਿਆਨਵਰਧਕ ਰਹੀ। ਇਸ ਨਾਲ ਵਿਦਿਆਰਥੀਆਂ ਨੂੰ ਇਤਿਹਾਸ, ਸੱਭਿਆਚਾਰ ਅਤੇ ਦੇਸ਼ ਦੀ ਵਿਰਾਸਤ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਖੂਬਸੂਰਤ ਯਾਦਾਂ ਆਪਣੇ ਨਾਲ ਸਾਂਝੀਆਂ ਕੀਤੀਆਂ।