ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਮੀਟਿੰਗ ਦਾ ਸਮਾਂ ਅੱਗੇ ਪਾਉਣ ’ਤੇ ਨਿਖੇਧੀ
4161 ਮਾਸਟਰ ਕਾਡਰ ਰੀਕਾਸਟ ਸੂਚੀਆਂ
Publish Date: Fri, 05 Jun 2026 04:48 PM (IST)
Updated Date: Fri, 05 Jun 2026 04:50 PM (IST)

ਮਸਲੇ ਨਾ ਸੁਣਨ ਖ਼ਿਲਾਫ਼ 11 ਜੂਨ ਨੂੰ ਸਿੱਖਿਆ ਮੰਤਰੀ ਖ਼ਿਲਾਫ਼ ਹੋਵੇਗਾ ਰੋਸ ਧਰਨਾ ਭਰਾਤਰੀ ਜੱਥੇਬੰਦੀਆਂ ਨੂੰ ਸ਼ਾਮਿਲ ਹੋਣ ਦੀ ਅਪੀਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ 4161 ਮਾਸਟਰ ਕਾਡਰ ਰੀਕਾਸਟ ਸੂਚੀਆਂ ਅਧਿਆਪਕ ਪੰਜਾਬ ਜੱਥੇਬੰਦੀ ਨੂੰ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਮਿਲੀਆਂ ਮੀਟਿੰਗਾਂ ਦਾ ਸਮਾਂ ਵਾਰ - ਵਾਰ ਅੱਗੇ ਕਰਨ ਖ਼ਿਲਾਫ਼ ਅਧਿਆਪਕ ਜੱਥੇਬੰਦੀਆਂ ਵੱਲੋਂ ਨਿਖੇਧੀ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ 4161 ਮਾਸਟਰ ਕਾਡਰ ਰੀਕਾਸਟ ਸੂਚੀਆਂ ਅਧਿਆਪਕ ਪੰਜਾਬ ਦੇ ਆਗੂ ਬਲਕਾਰ ਸਿੰਘ ਮੰਘਾਣੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਣੀ ਕਮੇਟੀ ਰਾਹੀਂ ਸੂਚੀਆਂ ਸੋਧ ਕੇ ਪਿਛਲੇ ਤਿੰਨ ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਉਨ੍ਹਾਂ ਦੇ ਪਰਖਕਾਲ ਪੂਰਾ ਕਰਨ ਦੇ ਇੱਕ ਦਿਨ ਪਹਿਲਾਂ ਟਰਮੀਨੇਸ਼ਨ ਸੰਬੰਧੀ ਕਾਰਨ ਦੱਸੋ (ਸ਼ੋਅ ਕਾਜ਼) ਨੋਟਿਸ ਜਾਰੀ ਕਰਕੇ ਉਨ੍ਹਾਂ ਦੇ ਪਰਖ ਕਾਲ ਪਾਰ ਕਰਨ ਵਿੱਚ ਰੁਕਾਵਟ ਖੜ੍ਹੀ ਕਰ ਦਿੱਤੀ ਗਈ ਹੈ ਅਤੇ ਸੇਵਾਵਾਂ ਤੇ ਸਮਾਪਤੀ ਦੀ ਤਲਵਾਰ ਲਟਕਾ ਦਿੱਤੀ ਗਈ ਹੈ। ਇਸ ਖ਼ਿਲਾਫ਼ ਜੱਥੇਬੰਦੀ ਵੱਲੋਂ ਭਰਾਤਰੀ ਅਧਿਆਪਕ ਜੱਥੇਬੰਦੀਆਂ ਦੇ ਸਹਿਯੋਗ ਨਾਲ 8 ਮਈ ਨੂੰ ਡੀਐੱਸਈ ਦਫ਼ਤਰ ਅੱਗੇ ਰੋਸ ਭਰਪੂਰ ਮੁਜ਼ਾਹਰਾ ਕੀਤਾ ਗਿਆ ਸੀ। ਇਸ ਤੇ ਮੋਹਾਲੀ ਪ੍ਰਸ਼ਾਸਨ ਵੱਲੋਂ 15 ਮਈ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ ਨਿਸ਼ਚਿਤ ਕਰਵਾਈ ਗਈ ਸੀ ਪਰ 20 ਦਿਨ ਬੀਤ ਜਾਣ ਦੇ ਬਾਵਜੂਦ ਉਹ ਮੀਟਿੰਗ ਵਾਰ - ਵਾਰ ਅੱਗੇ ਪਾਈ ਜਾ ਰਹੀ ਹੈ। ਇਸੇ ਤਰ੍ਹਾਂ ਇੰਨ੍ਹਾਂ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਨ ਦੇ ਮੱਦੇਨਜ਼ਰ ਅਨੰਦਪੁਰ ਸਾਹਿਬ ਪ੍ਰਸ਼ਾਸ਼ਨ ਵੱਲੋਂ ਵੀ ਸਿੱਖਿਆ ਮੰਤਰੀ ਨਾਲ ਮੀਟਿੰਗ ਫ਼ਿਕਸ ਕਰਵਾਈ ਗਈ ਸੀ ਪਰ ਐਨ ਮੌਕੇ ਤੇ ਆ ਕੇ ਉਸ ਮੀਟਿੰਗ ਨੂੰ ਵੀ ਅੱਗੇ ਪਾ ਦਿੱਤਾ ਜਾਂਦਾ ਹੈ। ਆਗੂਆਂ ਨੇ ਦੱਸਿਆ ਕਿ ਪੀੜ੍ਹਤ ਅਧਿਆਪਕ ਲਗਾਤਾਰ ਇਮਾਨਦਾਰੀ ਨਾਲ ਸਕੂਲਾਂ ਵਿੱਚ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਜਨਗਨਣਾ, ਡਰੱਗ ਜਨਗਨਣਾ, ਐੱਸਆਈਆਰ ਦੀਆਂ ਡਿਊਟੀਆਂ ਵੀ ਨਿਭਾਅ ਰਹੇ ਹਨ ਅਤੇ ਉਹ ਸਿੱਖਿਆ ਵਿਭਾਗ ਦੀ ਚੋਣ ਪ੍ਰਕਿਰਿਆ ਵਿੱਚੋਂ ਲੰਘ ਕੇ ਨਿਯੁਕਤ ਹੋਏ ਹਨ, ਪਰ ਸਿੱਖਿਆ ਵਿਭਾਗ ਵੱਲੋਂ ਮਾਣਯੋਗ ਅਦਾਲਤ ਦੇ ਫ਼ੈਸਲੇ ਦੀ ਆੜ ਹੇਠ ਰੀਕਾਸਟ ਸੂਚੀਆਂ ਰਾਹੀਂ 253 ਅਧਿਆਪਕਾਂ ਦੀਆਂ ਸੇਵਾਵਾਂ ਸਮਾਪਤ ਕਰਨ ਦੀ ਤਜਵੀਜ਼ ਲਿਆਂਦੀ ਜਾ ਰਹੀ ਹੈ। ਆਗੂਆਂ ਨੇ ਇਸ ਖਿਲਾਫ਼ 11 ਜੂਨ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਧਰਨਾ ਦੇ ਕੇ ਮੰਤਰੀ ਦੀ ਕੋਠੀ ਵੱਲ ਮਾਰਚ ਕਰਨ ਦਾ ਐਲਾਨ ਕਰਦਿਆਂ ਸਮੂਹ ਭਰਾਤਰੀ ਜੱਥੇਬੰਦੀਆਂ ਨੂੰ ਇਸ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਮੌਕੇ ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਕੁਲਵੰਤ ਸਿੰਘ, ਮਨਪ੍ਰੀਤ ਸਿੰਘ, ਕ੍ਰਿਸ਼ਨ ਸਿੰਘ, ਜਸਪਾਲ ਸਿੰਘ, ਸੁਰੇਸ਼ ਕੁਮਾਰ ਆਦਿ ਅਧਿਆਪਕ ਸਾਹਿਬਾਨ ਸ਼ਾਮਿਲ ਸਨ।