- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿੱਚ ਡਰੱਗ ਮਾਫੀਆ ਇੰਨਾ ਪਾਵਰਫੁਲ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ
ਪੰਜਾਬ ’ਚ ਡਰੱਗ ਮਾਫੀਆ ਇੰਨਾ ਪਾਵਰਫੁਲ ਹੋ ਚੁੱਕਿਆ ਹੈ ਕਿ ਸਰਕਾਰਾਂ ਵੀ ਡਰੱਗ ਮਾਫੀਆ ਨੂੰ ਹੱਥ ਪਾਉਣ ਤੋਂ ਸੰਕੋਚ ਕਰ ਰਹੀਆਂ ਹਨ। ਮਾਨਸਾ ਪਹੁੰਚੇ ਪੁਨਰ ਸਰਜੀਤ ਦੇ ਆਗੂ ਤੇ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਸਮੁੱਚੇ ਪੰਜਾਬ ਨੂੰ ਇਕ ਮੰਚ ’ਤੇ ਇਕੱਠੇ ਹੋਣ ਦਾ ਵੀ ਸੁਨੇਹਾ ਦਿੱਤਾ।
ਮਾਨਸਾ ਵਿਚ 13 ਅਕਤੂਬਰ ਨੂੰ ਪਰਵਿੰਦਰ ਸਿੰਘ ਝੋਟਾ ਨੂੰ ਨਸ਼ਾ ਤਸਕਰ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਲਗਾਤਾਰ ਮਾਨਸਾ ਵਿਚ ਅਠਾਰ੍ਹਵੇਂ ਦਿਨ ਵੀ ਇਨਸਾਫ਼ ਮੋਰਚੇ ਦਾ ਧਰਨਾ ਜਾਰੀ ਹੈ। ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਲਈ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਪੁਨਰ ਸਰਜੀਤ ਦੇ ਆਗੂ ਗਿਆਨੀ ਹਰਪ੍ਰੀਤ ਸਿੰਘ ਘਰ ਪਹੁੰਚੇ। ਜਿੱਥੇ ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉਥੇ ਹੀ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਡਰੱਗ ਮਾਫ਼ੀਆ ਇੰਨ੍ਹਾਂ ਪਾਵਰਫੁਲ ਹੋ ਚੁੱਕਿਆ ਹੈ ਕਿ ਸਰਕਾਰਾਂ ਵੀ ਇਨ੍ਹਾਂ ਨੂੰ ਹੱਥ ਪਾਉਣ ਤੋਂ ਸੰਕੋਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ਾ ਸਾਡੇ ਸਕੂਲਾਂ ਤੱਕ ਪਹੁੰਚ ਚੁੱਕਿਆ ਹੈ ਤੇ ਦਸਵੀਂ ਕਲਾਸ ਤੱਕ ਦੇ ਬੱਚੇ ਵੀ ਨਸ਼ੇ ਦੇ ਆਦਿ ਹੋ ਚੁੱਕੇ ਹਨ। ਪਰ ਪੰਜਾਬ ਦੇ ਵਿਚ ਹਰ ਸਮਾਜ ਦੇ ਬੰਦੇ ਨੂੰ ਹਰ ਪਾਰਟੀ ਨੂੰ ਇਕੱਠੇ ਹੋ ਕੇ ਨਸ਼ੇ ਨੂੰ ਖਤਮ ਕਰਨ ਦੇ ਲਈ ਪਹਿਲ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿਚ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਨਸਾ ਦੇ ਵਿਚ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਚੱਲ ਰਹੇ ਮੋਰਚੇ ਦੇ ਵਿਚ ਹਰ ਵਿਅਕਤੀ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ ਜਿੱਥੇ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪਹੁੰਚ ਰਹੇ ਨੇ ਤੇ ਉਨ੍ਹਾਂ ਨੂੰ ਵੀ ਰਾਜਨੀਤੀ ਨੂੰ ਦੂਰ ਰੱਖ ਕੇ ਸਿਰਫ ਤੇ ਸਿਰਫ ਨਸ਼ੇ ਦੇ ਖਿਲਾਫ ਤੇ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ ਲਈ ਬੋਲਣਾ ਚਾਹੀਦਾ ਹੈ।