ਕਿਤਾਬ ‘ਕਾਸਟ ਮੈਟਰਜ਼’ ਦਾ ਪੰਜਾਬੀ ਅਨੁਵਾਦ ਰਿਲੀਜ਼
ਮਾਤਾ ਸੁੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ
Publish Date: Mon, 21 Sep 2026 06:22 PM (IST)
Updated Date: Mon, 21 Sep 2026 06:23 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਅਕਾਦਮਿਕ ਅਤੇ ਸਾਹਿਤਕ ਖੇਤਰ ਵਿਚ ਇਕ ਮਹੱਤਵਪੂਰਨ ਉਪਰਾਲਾ ਕਰਦਿਆਂ ਪ੍ਰਸਿੱਧ ਲੇਖਕ ਤੇ ਵਿਦਵਾਨ ਡਾ. ਸੁਰਜ ਮਿਲਿੰਦ ਯੇਂਗੜੇ ਦੀ ਚਰਚਿਤ ਕਿਤਾਬ ‘ਕਾਸਟ ਮੈਟਰਜ਼’ ਦਾ ਪੰਜਾਬੀ ਅਨੁਵਾਦ ‘ਕਾਸਟ ਮੈਟਰਜ਼’ ਕਾਲਜ ਦੀ ਪ੍ਰੋਫ਼ੈਸਰ ਡਾ. ਹਰਿੰਦਰ ਕੌਰ ਵੱਲੋਂ ਕੀਤਾ ਗਿਆ ਹੈ। ਇਹ ਕਿਤਾਬ ਭਾਰਤੀ ਸਮਾਜ ਵਿਚ ਜਾਤ-ਪਾਤ ਦੀ ਮੌਜੂਦਗੀ, ਜਾਤੀਗਤ ਭੇਦਭਾਵ, ਸਮਾਜਿਕ ਅਸਮਾਨਤਾ ਅਤੇ ਦਲਿਤ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਸਮਝਣ ਲਈ ਮਹੱਤਵਪੂਰਨ ਰਚਨਾ ਹੈ। ਯੇਂਗੜੇ ਸਮਾਜ ਵਿੱਚ ਫ਼ੈਲੀਆਂ ਜਾਤ ਪਾਤ ਦੀਆਂ ਡੂੰਘੀਆਂ ਜੜ੍ਹਾਂ ਅਤੇ ਉਲਝੇ ਹੋਏ ਤਾਣੇ-ਬਾਣੇ ਨੂੰ ਬੇਪਰਦ ਕਰਦਾ ਹੈ। ਪੰਜਾਬੀ ਵਿਚ ਇਸ ਕਿਤਾਬ ਦਾ ਅਨੁਵਾਦ ਹੋਣ ਨਾਲ ਪੰਜਾਬੀ ਪਾਠਕਾਂ, ਵਿਦਿਆਰਥੀਆਂ, ਅਧਿਆਪਕਾਂ ਤੇ ਖੋਜਾਰਥੀਆਂ ਨੂੰ ਇਸ ਮਹੱਤਵਪੂਰਨ ਸਮਾਜਿਕ ਚਿੰਤਨ ਨਾਲ ਜੁੜਨ ਦਾ ਮੌਕਾ ਮਿਲੇਗਾ। ਖ਼ਾਸ ਕਰਕੇ ਸੋਸ਼ਿਓਲੋਜੀ ਅਤੇ ਹੋਰ ਸਮਾਜਿਕ ਵਿਗਿਆਨਾਂ ਦੇ ਵਿਦਿਆਰਥੀਆਂ ਲਈ ਇਹ ਕਿਤਾਬ ਜਾਤੀ ਪ੍ਰਣਾਲੀ ਤੇ ਭਾਰਤੀ ਸਮਾਜਿਕ ਸੰਰਚਨਾ ਨੂੰ ਸਮਝਣ ਵਿੱਚ ਸਹਾਇਕ ਸਾਬਤ ਹੋ ਸਕਦੀ ਹੈ। ਇਸ ਮੌਕੇ ਡਾ. ਰਾਮ ਕ੍ਰਿਸ਼ਨ, ਡਾ. ਕਿਰਨ ਬਾਲਾ, ਪ੍ਰੋ. ਮਨਰੀਤ ਸਿੱਧੂ, ਪ੍ਰੋ. ਮਨਦੀਪ ਕੌਰ, ਪ੍ਰੋ. ਸੁਚਜੀਤ ਕੌਰ, ਪ੍ਰੋ. ਅਵਤਾਰ ਸਿੰਘ, ਪ੍ਰੋ. ਦਲਜੀਤ ਕੌਰ ਆਦਿ ਹਾਜ਼ਰ ਸਨ।