ਅਕਾਲੀ ਦਲ ਨੂੰ ਵੱਡਾ ਝਟਕਾ : ਬੁਢਲਾਡਾ ਤੋਂ ਉਮੀਦਵਾਰ ਦਾ ਅਸਤੀਫ਼ਾ ਸ਼੍ਰੋਮਣੀ ਅਕਾਲੀ ਦਲ ਦੇ ਬੁਢਲਡਾ
Publish Date: Thu, 17 Sep 2026 08:25 PM (IST)
Updated Date: Fri, 18 Sep 2026 04:15 AM (IST)
ਡਾ. ਨਿਸ਼ਾਨ ਸਿੰਘ ਦੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ੇ ਨੇ ਨਵੀਆਂ ਛੇੜੀਆਂ ਚਰਚਾਵਾਂ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਲ੍ਹਾ ਮਾਨਸਾ ਦੇ ਹਲਕਾ ਬੁਢਲਾਡਾ ’ਚੋਂ ਝਟਕਾ ਉਦੋਂ ਲੱਗਿਆ , ਜਦ 2027 ਦੀਆਂ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਡਾ. ਨਿਸ਼ਾਨ ਸਿੰਘ ਨੇ ਅੱਜ ਵੀਰਵਾਰ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਡਾ. ਨਿਸ਼ਾਨ ਸਿੰਘ ਨੇ ਇਹ ਫ਼ੈਸਲੇ ਲਈ ਆਪਣੀ ਸਿਹਤ , ਪਰਿਵਾਰਕ ਜ਼ਿੰਮੇਵਾਰੀਆਂ ਅਤੇ ਆਰਥਿਕਤਾ ਦਾ ਹਵਾਲਾ ਦਿੱਤਾ। ਉਨ੍ਹਾਂ ਨੂੰ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ 2027 ਦੀਆਂ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ ਸੀ, ਪਰ ਐਨ ਚੋਣਾਂ ਦੇ ਕੁੱਝ ਸਮਾਂ ਪਹਿਲਾਂ ਅਸਤੀਫ਼ਾ ਦੇਣ ਨੇ ਕਈ ਚਰਚਾਵਾਂ ਛੇੜ ਦਿੱਤੀਆਂ ਹਨ। ਡਾ. ਨਿਸ਼ਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 2017 ਅਤੇ 2022 ਵਿੱਚ ਬੁਢਲਾਡਾ ਤੋਂ ਉਨ੍ਹਾਂ ਨੂੰ ਚੋਣ ਲੜਾਈ ਗਈ ਹੈ। 2027 ਲਈ ਵੀ ਉਨ੍ਹਾਂ ਨੂੰ ਬੁਢਲਾਡਾ ਤੋਂ ਉਮੀਦਵਾਰ ਐਲਾਨਿਆ ਗਿਆ ਸੀ। ਇਸ ਲਈ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਫ਼ਿਲਹਾਲ ਉਹ ਪਾਰਟੀ ਨੂੰ ਸਮਾਂ ਨਹੀਂ ਦੇ ਸਕਣਗੇ, ਜਿਸ ਕਾਰਨ ਉਨ੍ਹਾਂ ਵੱਲੋਂ ਅਸਤੀਫ਼ਾ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਫਿਲਹਾਲ ਉਹ ਅਜੇ ਕਿਸੇ ਵੀ ਪਾਰਟੀ ਵਿੱਚ ਨਹੀਂ ਜਾ ਰਹੇ ਕਿਉਂਕਿ ਲਗਾਤਾਰ ਬੁਢਲਾਡਾ ਹਲਕੇ ’ਚ ਉਨ੍ਹਾਂ ਵੱਲੋਂ ਸੇਵਾ ਕੀਤੀ ਹੈ। ਹਰ ਵਰਕਰ ਤੇ ਅਹੁਦੇਦਾਰ ਦੇ ਦੁੱਖ ਸੁੱਖ ਵਿੱਚ ਵੀ ਸ਼ਰੀਕ ਹੁੰਦੇ ਰਹਿਣਗੇ। ਇੱਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਡਾ. ਨਿਸ਼ਾਨ ਸਿੰਘ ਵਾਲਾ ਦੂਸਰਾ ਵੱਡਾ ਝਟਕਾ ਲੱਗਿਆ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਨੀਸ਼ ਬਾਂਸਲ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸਿਆਸੀ ਗਲਿਆਰਿਆਂ ਵਿੱਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਜਲਦੀ ਹੀ ਮਾਨਸਾ ਤੇ ਬੁਢਲਾਡਾ ਸ਼ਹਿਰ ਦੇ ਕੁੱਝ ਸੀਨੀਅਰ ਅਕਾਲੀ ਆਗੂ ਕਿਸੇ ਸਮੇਂ ਵੀ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ। ਮਾਨਸਾ ਹਲਕੇ ਵੱਲੋਂ ਪਿਛਲੇ ਦਿਨ੍ਹੀਂ ਬਿਜਲੀ ਦੇ ਕੱਟਾਂ ਨੂੰ ਲੈ ਕੇ ਲਗਾਏ ਗਏ ਰੋਸ ਧਰਨੇ ’ਚ ਵੀ ਮਾਨਸਾ ਸ਼ਹਿਰ ਦੇ ਬਹੁਤੇ ਅਕਾਲੀ ਆਗੂਆਂ ਦੀ ਗੈਰ-ਹਾਜ਼ਰੀ ਰੜਕਦੀ ਰਹੀ। ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਅੱਜ ਤੋਂ ਦੋ, ਤਿੰਨ ਮਹੀਨੇ ਪਹਿਲਾਂ ਡਾ. ਨਿਸ਼ਾਨ ਸਿੰਘ ਨੇ ਪਾਰਟੀ ਨੂੰ ਅਲਵਿਦਾ ਕਹਿਣ ਦਾ ਮੰਨ ਬਣਾ ਲਿਆ ਸੀ, ਪਾਰਟੀ ਦੇ ਉੱਚ ਚੋਟੀ ਦੇ ਨੇਤਾਵਾਂ ਨੇ ਡਾ. ਨਿਸ਼ਾਨ ਸਿੰਘ ਨੂੰ ਅਜਿਹਾ ਕਦਮ ਚੁੱਕਣ ਤੋਂ ਰੋਕ ਲਿਆ ਸੀ। ਇਹ ਵੀ ਚਰਚਾ ਹੈ ਕਿ ਬੁਢਲਾਡਾ ਹਲਕੇ ਦੇ ਕੁੱਝ ਸੀਨੀਅਰ ਆਗੂ ਪਾਰਲੀਮੈਂਟ ਚੋਣਾਂ , ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਪੰਚਾਇਤੀ ਅਤੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਤਨਦੇਹੀ ਨਾਲ ਕੰਮ ਕਰਦੇ ਹਨ ਅਤੇ ਵਿਧਾਨ ਸਭਾ ਚੋਣਾਂ ਵੇਲੇ ਡਾ. ਨਿਸ਼ਾਨ ਸਿੰਘ ਦੀ ਦਿਲੋਂ ਮਦਦ ਨਾ ਕਰਨ ਦਾ ਰੋਸ ਵੀ ਡਾਕਟਰ ਨਿਸ਼ਾਨ ਸਿੰਘ ਦੇ ਮਨ ਵਿੱਚ ਕਿਤੇ ਨਾ ਕਿਤੇ ਰੜਕਦਾ ਸੀ। ਉਨ੍ਹਾਂ ਨੇ ਪਾਰਟੀ ਪ੍ਰਧਾਨ ਦੇ ਧਿਆਨ ਵਿੱਚ ਵੀ ਇਸ ਨੂੰ ਲਿਆਂਦਾ ਸੀ, ਪਰ ਪਾਰਟੀ ਵਿੱਚ ਸੁਣਵਾਈ ਨਹੀਂ ਹੋਈ। ਭਾਵੇਂਕਿ ਡਾ. ਨਿਸ਼ਾਨ ਸਿੰਘ ਵੱਲੋਂ ਇਹ ਪਾਰਟੀ ਛੱਡਣ ਦਾ ਕਾਰਨ ਆਪਣੇ ਨਿੱਜੀ ਕਾਰਨ ਦੱਸੇ ਜਾ ਰਹੇ ਹਨ, ਪਰ ਲੋਕਾਂ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਚਰਚਾਵਾਂ ਹਨ। ਇਹ ਵੀ ਚਰਚਾ ਹੈ ਕਿ ਡਾਕਟਰ ਨਿਸ਼ਾਨ ਸਿੰਘ ਕਿਸੇ ਵੀ ਸਮੇਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ, ਭਾਵੇਂਕਿ ਹੋਰ ਪਾਰਟੀ ਵਿੱਚ ਪੱਤਰਕਾਰਾਂ ਦੇ ਪੁੱਛੇ ਸਵਾਲਾਂ ਤੋਂ ਬਚਦੇ ਨਜ਼ਰ ਆਏ। ਉਨ੍ਹਾਂ ਇਹ ਵੀ ਕਿਹਾ ਕਿ ਇਹ ਅਜੇ ਭਵਿੱਖ ਦੇ ਗਰਭ ਵਿੱਚ ਹੈ, ਫ਼ਿਲਹਾਲ ਉਹ ਇਹ ਅਹੁਦਿਆਂ ਤੋਂ ਅਸਤੀਫ਼ਾ ਦੇ ਰਹੇ ਹਨ। ਪਰ ਬੱਚੇ ਬੱਚੇ ਦੀ ਜ਼ੁਬਾਨ ‘ਤੇ ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੇ ਚਰਚੇ ਹਨ।