ਖ਼ੂਨਦਾਨ ਨਾਲ ਬਚ ਸਕਦੀ ਹੈ ਕੀਮਤੀ ਜਾਨ
ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਦੇ ਜ਼ਿਲ੍ਹਾ
Publish Date: Sat, 04 Apr 2026 06:29 PM (IST)
Updated Date: Sun, 05 Apr 2026 04:08 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਅਪੈਕਸ ਕਲੱਬ ਮਾਨਸਾ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਬਲੱਡ ਸੈਂਟਰ ਸਿਵਲ ਹਸਪਤਾਲ ਮਾਨਸਾ ਵਿਖੇ 143ਵੀਂ ਵਾਰ ਖ਼ੂਨਦਾਨ ਕੀਤਾ। ਅਪੈਕਸ ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਨੇ ਦੱਸਿਆ ਕਿ ਖ਼ੂਨਦਾਨ ਇੱਕ ਉੱਤਮ ਦਾਨ ਹੈ। ਉਨ੍ਹਾਂ ਦੱਸਿਆ ਕਿ ਅਪੈਕਸ ਕਲੱਬ ਦੇ ਸਾਰੇ ਮੈਂਬਰ ਖ਼ੂਨਦਾਨ ਕਰਦੇ ਹਨ ਅਤੇ ਸੰਜੀਵ ਪਿੰਕਾ ਨੇ ਅੱਜ 54 ਸਾਲ ਦੀ ਉਮਰ ਵਿੱਚ 143ਵੀਂ ਵਾਰ ਖ਼ੂਨਦਾਨ ਕੀਤਾ ਹੈ। ਇੰਨ੍ਹਾਂ ਨੂੰ ਕਈ ਵਾਰ ਰਾਜ ਪੱਧਰੀ ਅਤੇ ਨੈਸ਼ਨਲ ਪੱਧਰ ਤੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਮੌਕੇ ਬਲੱਡ ਬੈਂਕ ਵਿਖੇ ਸੇਵਾਵਾਂ ਨਿਭਾਅ ਰਹੇ ਮੈਡਮ ਸੁਨੈਨਾ ਬਾਂਸਲ ਨੇ ਦੱਸਿਆ ਕਿ ਹਰੇਕ 18 ਸਾਲ ਤੋਂ ਵੱਧ ਉਮਰ ਦਾ ਤੰਦਰੁਸਤ ਵਿਅਕਤੀ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰ ਸਕਦਾ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਰੀਰਕ ਕਮਜ਼ੋਰੀ ਨਹੀਂ ਆਉਂਦੀ ,ਸਗੋਂ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਉਣ ਲਈ ਸਹਿਯੋਗ ਕਰਨ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਥੈਲੇਸੀਮੀਆ ਦੀ ਬੀਮਾਰੀ ਨਾਲ ਪੀੜ੍ਹਤ ਬੱਚੇ ਦਾਨ ਕੀਤੇ ਗਏ ਖ਼ੂਨ ਨਾਲ ਹੀ ਜੀਵਤ ਰਹਿੰਦੇ ਹਨ ਇਸ ਲਈ ਹਰੇਕ ਵਿਅਕਤੀ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਬਲੱਡ ਕੌਂਸਲਰ ਅਮਨਦੀਪ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਬਲੱਡ ਬੈਂਕ ਦੇ ਸਟਾਫ਼ ਮੈਂਬਰ ਸਵੈਇੱਛਕ ਖੂਨਦਾਨੀਆਂ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਸਦਕਾ ਹਰੇਕ ਲੋੜਵੰਦ ਮਰੀਜ਼ ਦੀ ਖ਼ੂਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਬਚਨਵੱਧ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਵੀ ਮਰੀਜ਼ ਦੀ ਮੌਤ ਖੂਨ ਦੀ ਕਮੀਂ ਕਾਰਨ ਨਾ ਹੋਵੇ। ਇਸ ਮੌਕੇ ਅਸ਼ਵਨੀ ਜਿੰਦਲ, ਮੈਡਮ ਸੁਨੈਨਾ ਬਾਂਸਲ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਹਾਜ਼ਰ ਸਨ।