ਹਾਈ ਰਿਸਕ ਗਰਭਵਤੀਆਂ ਦਾ ਰੱਖਿਆ ਜਾਵੇ ਪੂਰਾ ਖਿਆਲ : ਡਾ.ਰਣਜੀਤ ਸਿੰਘ ਰਾਏ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ
Publish Date: Sat, 18 Jul 2026 05:36 PM (IST)
Updated Date: Sat, 18 Jul 2026 05:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਸਿਵਲ ਸਰਜਨ ਮਾਨਸਾ ਡਾ.ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਮਾਤਰੀ ਮੌਤ ਦਰ ਨੂੰ ਘੱਟ ਕਰਨ ਲਈ ਐਮਸੀਐਚ ਮਾਨਸਾ ਦੇ ਗਾਇਨਾਕੋਲੋਜਿਸਟ (ਔਰਤ ਰੋਗਾਂ ਦੇ ਮਾਹਿਰ ਡਾਕਟਰ) ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਜ਼ਿਲ੍ਹੇ ਵਿੱਚ ਮਾਤਰੀ ਮੌਤ ਦਰ ਨੂੰ ਘਟਾਉਣ ਲਈ ਗਾਇਨਾਕੋਲੋਜਿਸਟ ਤੋਂ ਸੁਝਾਅ ਵੀ ਲਏ ਗਏ। ਪੀ.ਪੀ.ਐਚ. ਦੀ ਸਹੀ ਅਤੇ ਸਮੇਂ ਸਿਰ ਮੈਨੇਜ਼ਮੈਂਟ ਅਤੇ ਇਲਾਜ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਹਾਜ਼ਰ ਡਾਕਟਰ ਨੂੰ ਹਦਾਇਤਾਂ ਕਰਦਿਆਂ ਡਾ. ਰਾਏ ਨੇ ਮਾਤਰੀ ਮੌਤ ਦਰ ਘਟਾਉਣ ਲਈ ਅਹਿਮ ਉਪਰਾਲੇ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹਰ ਇਕ ਗਰਭਵਤੀ ਦੇ ਜਣੇਪੇ ਨੂੰ ਸੁਰੱਖਿਅਤ ਬਣਾਉਣ ਲਈ ਗਰਭਵਤੀ ਦੇ ਜਣੇਪੇ ਸਬੰਧੀ ਸੱਤਵੇਂ ਮਹੀਨੇ ਤੋਂ ਹੀ ਉਸਦੀ ਡਲੀਵਰੀ ਸਬੰਧੀ ਯੋਜਨਾ ਬਣਾਈ ਜਾਵੇ। ਉਨ੍ਹਾਂ ਹਾਈ ਰਿਸਕ ਗਰਭਵਤੀ ਔਰਤਾਂ ਤੇ ਵੱਧ ਧਿਆਨ ਦੇਣ ਦੀ ਹਦਾਇਤ ਕਰਦਿਆਂ ਕਿਹਾ ਕਿ ਹਾਈ ਰਿਸਕ ਗਰਭਵਤੀ ਔਰਤਾਂ ਦੀ ਸਮੇਂ ਸਿਰ ਪਹਿਚਾਣ ਅਤੇ ਉਨ੍ਹਾਂ ਵੱਲ ਵਿਸ਼ੇਸ ਧਿਆਨ ਦੇਣ ਲਈ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਾਤਰੀ ਮੌਤ ਦੇ ਕਈ ਕਾਰਣ ਜਿਵੇਂ ਗਰਭਵਤੀ ਮਾਵਾਂ ਨੂੰ ਗੁੰਝਲਦਾਰ ਜਣੇਪਾ ਹੋਣ ਤੇ ਉਚੇਰੇ ਹਸਪਤਾਲ ਵਿੱਚ ਜਣੇਪਾ ਕਰਵਾਉਣ ਲਈ ਰੈਫ਼ਰ ਕਰਨ ਤੇ ਔਰਤ ਵੱਲੋਂ ਹਸਪਤਾਲ ਨਾ ਜਾਣਾ, ਗਰਭਵਤੀ ਔਰਤ ਵੱਲੋਂ ਕੋਈ ਪੁਰਾਣੀ ਬਿਮਾਰੀ ਹੋਣ ਤੇ ਉਸ ਦੀ ਜਾਣਕਾਰੀ ਨਾ ਦੇਣਾ, ਡਿਲੀਵਰੀ ਤੋਂ ਬਾਅਦ ਜ਼ਿਆਦਾ ਖੂਨ ਪੈਣਾ, ਇੰਫ਼ੈਕਸ਼ਨ ਹੋਣਾ, ਜ਼ਿਆਦਾ ਬਲੱਡ ਪ੍ਰੈਸ਼ਰ ਹੋਣਾ, ਅਸੁੱਰਖਿਅਤ ਅਬਾਰਸ਼ਨ ਆਦਿ ਹੋ ਸਕਦੇ ਹਨ। ਡਾ. ਰਾਏ ਨੇ ਕਿਹਾ ਕਿ ਗਰਭਵਤੀ ਔਰਤਾਂ ਦੀ ਖੁਰਾਕ ਲਈ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹਾਈ ਰਿਸਕ ਗਰਭਵਤੀ ਔਰਤਾਂ ਦੇ ਸਾਰੇ ਨਿਰਧਾਰਿਤ ਜਣੇਪੇ ਤੋਂ ਪਹਿਲਾਂ ਅਤੇ ਜਣੇਪੇ ਤੋਂ ਬਾਅਦ ਚੈੱਕ ਅਪ ਅਤੇ ਟੈਸਟ ਪਹਿਲ ਦੇ ਆਧਾਰ ਤੇ ਕਰਵਾਏ ਜਾਣ, ਕਿਸੇ ਵੀ ਗਰਭਵਤੀ ਔਰਤ ਨੂੰ ਜੇਕਰ ਰੈਫ਼ਰ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਮਰੀਜ਼ ਨੂੰ ਸਟੇਬਲ ਕਰਕੇ ਹੀ ਰੈਫ਼ਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਔਰਤਾਂ ਦੇ ਖਾਣ ਪੀਣ, ਟੀਕਾਕਰਨ ਅਤੇ ਸਿਹਤ ਸਬੰਧੀ ਵਿਸ਼ੇਸ਼ ਤਵੱਜ਼ੋ ਦਿੱਤੀ ਜਾਵੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਮੇਂ ਸਮੇਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕੇਅਰ ਕੰਪੇਨੀਅਨ ਪ੍ਰੋਗਰਾਮ ਤਹਿਤ ਮੋਬਾਇਲ ਕੇਅਰ ਕੰਪੇਨੀਅਨ ਸਰਵਿਸ ਸ਼ੁਰੂ ਕੀਤੀ ਗਈ ਹੈ। ਇਸ ਲਈ 18008899389 ਨੰਬਰ ਜਾਰੀ ਕੀਤਾ ਗਿਆ ਹੈ ਜਿਸ ਇਸ ਨੰਬਰ ਤੇ ਕਾਲ ਕਰਕੇ ਮਨਪਸੰਦ ਭਾਸ਼ਾ ਚੁਣ ਕੇ ਆਪਣਾ ਨੰਬਰ ਵਟਸਐਪ ਨੰਬਰ ਰਜਿਸਟਰ ਕੀਤਾ ਜਾ ਸਕਦਾ ਹੈ ਅਤੇ ਮੈਸਜ ਰਾਹੀਂ ਗਰਭ ਅਵਸਥਾ ਦੌਰਾਨ ਸਿਹਤ ਸੰਭਾਲ ਅਤੇ ਪੋਸਟਿਕ ਖੁਰਾਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਮਯੰਕਜੋਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ. ਮਾਨਸਾ ਡਾ.ਗੁਰਮੇਲ ਸਿੰਘ, ਐਸ.ਐਮ.ਓ.ਸੀ.ਐਚ.ਸੀ.ਖਿਆਲਾ ਕਲਾਂ ਡਾ. ਰਵਿੰਦਰ ਸਿੰਗਲਾ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਦਰਸ਼ਨ ਸਿੰਘ, ਜਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ ਹਾਜ਼ਰ ਸਨ।