ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੀ ਪ੍ਰਗਤੀ ਦਾ ਜਾਇਜ਼ਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵੱਲੋਂ
Publish Date: Fri, 24 Jul 2026 05:49 PM (IST)
Updated Date: Sat, 25 Jul 2026 04:02 AM (IST)
ਬੁਢਲਾਡਾ ਹਲਕੇ ਦੇ 100 ਫ਼ੀਸਦੀ ਗਣਨਾ ਫ਼ਾਰਮ ਡਿਜੀਟਾਈਜ਼ ਹੋਣ ਤੇ ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰ ਗੁਰਮੀਤ ਕੁਮਾਰ ਦੀ ਸ਼ਲਾਘਾ 13 ਅਗਸਤ ਨੂੰ ਹੋਵੇਗੀ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ, 12 ਅਕਤੂਬਰ ਨੂੰ ਕੀਤੀ ਜਾਵੇਗੀ ਅੰਤਿਮ ਪ੍ਰਕਾਸ਼ਨਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹੇ ਵਿੱਚ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੀ ਪ੍ਰਗਤੀ ਦਾ ਜਾਇਜ਼ਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵੱਲੋਂ ਲਿਆ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਇਸ ਸਮੀਖਿਆ ਬੈਠਕ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਇਲੈਕਟੋਰਲ ਰਜਿਸਟਰੇਸ਼ਨ ਅਫ਼ਸਰ ਬੁਢਲਾਡਾ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਬੁਢਲਾਡਾ ਹਲਕੇ ’ਚ 100 ਫੀਸਦੀ ਗਣਨਾ ਫਾਰਮ ਡਿਜੀਟਾਈਜ਼ ਕਰਨ ਦਾ ਕੰਮ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਨਸਾ ਅਤੇ ਸਰਦੂਲਗੜ੍ਹ ਦੇ ਗਣਨਾ ਫਾਰਮ ਵੀ ਅਗਲੇ 2 ਦਿਨਾਂ ਵਿੱਚ ਸੌ ਫ਼ੀਸਦੀ ਡਿਜੀਟਾਈਜ਼ ਕਰ ਲਏ ਜਾਣਗੇ। ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਘਰ-ਘਰ ਜਾ ਕੇ ਗਣਨਾ ਫਾਰਮ ਇਕੱਠੇ ਕਰਨ ਦੀ ਅੰਤਿਮ ਤਰੀਕ 3 ਅਗਸਤ ਹੈ ਪਰ ਜ਼ਿਲ੍ਹੇ ਦੇ ਮਿਹਨਤੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਦ੍ਰਿੜਤਾ ਸਦਕਾ ਇਸ ਕਾਰਜ ਨੂੰ ਜਲਦੀ ਹੀ ਨੇਪਰੇ ਚਾੜ੍ਹੇ ਜਾਣ ਦੀ ਪੂਰੀ ਸੰਭਾਵਨਾ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ 13 ਅਗਸਤ ਨੂੰ ਹੋਵੇਗੀ। ਇਸ ਉਪਰੰਤ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਸਮਾਂ 13 ਅਗਸਤ ਤੋਂ 12 ਸਤੰਬਰ ਤੱਕ ਨਿਰਧਾਰਿਤ ਕੀਤਾ ਗਿਆ ਹੈ, ਜਦਕਿ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਅਤੇ ਨੋਟਿਸ ਜਾਰੀ ਕਰਨ ਦਾ ਸੋਧਿਆ ਹੋਇਆ ਸਮਾਂ 13 ਅਗਸਤ ਤੋਂ 8 ਅਕਤੂਬਰ ਤੱਕ ਰਹੇਗਾ। ਇਹ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 12 ਅਕਤੂਬਰ ਨੂੰ ਕਰਵਾਈ ਜਾਵੇਗਾ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਸੂਚੀ ਵਿੱਚ ਗੈਰ ਹਾਜ਼ਰ, ਮ੍ਰਿਤਕ, ਤਬਦੀਲ ਹੋ ਚੁੱਕੇ ਅਤੇ ਡੂਪਲੀਕੇਟ ਜਾਂ ਹਟਾਏ ਗਏ ਵੋਟਰਾਂ ਵਜੋਂ ਦਰਜ ਵਿਅਕਤੀਆਂ ਦੀ ਮੁੜ ਸਮੀਖਿਆ ਕਰਨ ਦੀ ਹਦਾਇਤ ਕੀਤੀ ਤਾਂ ਜੋ ਵੋਟਰ ਸੂਚੀ ਵਿੱਚ ਕੋਈ ਵੀ ਗਲਤ ਵੇਰਵਾ ਦਰਜ ਨਾ ਹੋ ਸਕੇ। ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਨਮ ਸਿੰਘ, ਈਆਰਓ ਮਾਨਸਾ ਬਲਜੀਤ ਕੌਰ, ਈਆਰਓ ਬੁਢਲਾਡਾ ਗੁਰਮੀਤ ਕੁਮਾਰ, ਈਆਰਓ ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ, ਤਹਿਸੀਲਦਾਰ ਚੋਣਾਂ ਭੂਸ਼ਣ ਕੁਮਾਰ ਵੀ ਹਾਜ਼ਰ ਸਨ।