ਸ਼ਹਿਰ ਦੇ ਟ੍ਰੈਫ਼ਿਕ ਪ੍ਰਬੰਧਨ, ਸੜਕੀ ਦੁਰਘਟਨਾਵਾਂ ਨੂੰ ਠੱਲ੍ਹ ਪਾਉਣ ਤੇ ਜਨਤਕ ਪਾਰਕਿੰਗ ਜਿਹੇ ਅਹਿਮ ਮੁੱਦਿਆਂ 'ਤੇ ਹੋਈ ਚਰਚਾ ਸ਼ਹਿਰ ਦੀ ਆਵਾਜਾਈ ਵਿਵਸਥਾ ਨੂੰ ਸੁਚਾਰੂ
Publish Date: Mon, 21 Sep 2026 05:45 PM (IST)
Updated Date: Mon, 21 Sep 2026 05:47 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼ਹਿਰ ਦੀ ਆਵਾਜਾਈ ਵਿਵਸਥਾ ਨੂੰ ਸੁਚਾਰੂ ਬਣਾਉਣ ਅਤੇ ਆਮ ਜਨਤਾ ਨੂੰ ਆਵਾਜਾਈ ਦੌਰਾਨ ਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣ ਦੇ ਮਕਸਦ ਨਾਲ ਅੱਜ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਪੂਨਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸ਼ਹਿਰ ਵਿੱਚ ਟ੍ਰੈਫ਼ਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ, ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਅਤੇ ਬਾਜ਼ਾਰਾਂ ਵਿੱਚ ਜਨਤਕ ਪਾਰਕਿੰਗ ਦੀ ਵਿਵਸਥਾ ਵਰਗੇ ਗੰਭੀਰ ਮੁੱਦਿਆਂ ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਸ਼ਹਿਰ ਦੀ ਟ੍ਰੈਫ਼ਿਕ ਵਿਵਸਥਾ ਨੂੰ ਲੀਹ ਤੇ ਲਿਆਉਣ ਲਈ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਹਫ਼ਤੇ ਦੇ ਅੰਦਰ-ਅੰਦਰ ਬਾਜ਼ਾਰਾਂ ਵਿੱਚ ਦੁਕਾਨਾਂ ਮੂਹਰੇ ਗੈਰ ਜ਼ਰੂਰੀ ਸਮਾਨ ਰੱਖ ਕੇ ਕੀਤੇ ਆਪਣੇ ਨਾਜਾਇਜ਼ ਕਬਜ਼ੇ ਸਵੈ-ਇੱਛਾ ਨਾਲ ਹਟਾ ਲੈਣ। ਉਨ੍ਹਾਂ ਨਾਲ ਹੀ ਮੀਟਿੰਗ ਵਿੱਚ ਮੌਜੂਦ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਵੀ ਇਸ ਕਾਰਜ ਵਿੱਚ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਦੁਕਾਨਦਾਰਾਂ ਵੱਲੋਂ ਬਾਹਰ ਸਮਾਨ ਰੱਖ ਕੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਜਿੱਥੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਉੱਥੇ ਹੀ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਇੱਕ ਹਫ਼ਤੇ ਦੀ ਮੁਹਲਤ ਖ਼ਤਮ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਮਾਨਸਾ-ਸੁਨਾਮ ਰੋਡ ਤੇ ਸਥਿਤ ਪਿੰਡ ਢੈਪਈ ਵਿਖੇ ਪੁਰਾਣੇ ਟੋਲ ਪਲਾਜ਼ੇ ਵਾਲੀ ਥਾਂ ਤੇ ਸੜਕ ਨੂੰ ਤਰਜ਼ੀਹ ਦੇ ਅਧਾਰ ’ਤੇ ਦਰੁਸਤ ਕਰਵਾਉਣ ਦੀ ਮੰਗ ਕੀਤੀ। ਇਸ ਸਬੰਧੀ ਏਡੀਸੀ ਪੂਨਮ ਸਿੰਘ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸੜਕ ‘ਤੇ ਢੁੱਕਵੇਂ ਹੱਲ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸੜਕ ਹਾਦਸੇ ਨਾ ਵਾਪਰ ਸਕਣ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਜ਼ਾਰਾਂ ਵਿੱਚ ਸੁਚਾਰੂ ਪਾਰਕਿੰਗ ਪ੍ਰਬੰਧਨ ਲਈ ਸੜਕਾਂ ਤੇ ਪੀਲੀ ਪੱਟੀ ਲਗਾਉਣ ਲਈ ਸਬੰਧਤ ਅਧਿਕਾਰੀਆਂ ਤੋਂ ਅਹਿਮ ਸੁਝਾਅ ਵੀ ਲਏ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐੱਸ.ਡੀ.ਐੱਮ. ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ, ਆਰ.ਟੀ.ਓ. ਚਰਨਜੋਤ ਸਿੰਘ ਵਾਲੀਆ, ਡੀਐੱਸਪੀ ਪੁਸ਼ਪਿੰਦਰ ਸਿੰਘ ਗਿੱਲ, ਪ੍ਰਧਾਨ ਟਰੇਡਰਜ਼ ਐਸੋਸੀਏਸ਼ਨ ਆਸ਼ੂ ਬਾਂਸਲ ਅਤੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਸਮੂਹ ਮੈਂਬਰ ਵੀ ਹਾਜ਼ਰ ਸਨ।