ਆਤਮਾ ਸਿੰਘ ਪਮਾਰ ਦੀ ਵਾਰਤਕ - ਪੁਸਤਕ ‘ਦੁਨਿਆਵੀ ਮੰਚ ‘ਤੇ ਵਿਚਰਦੇ ਫ਼ਰਿਸ਼ਤੇ’ ਉਪਰ ਕਾਰਵਾਈ ਵਿਚਾਰ- ਚਰਚਾ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਦੀ ਰਹਿਨੁਮਾਈ
Publish Date: Mon, 27 Jul 2026 05:09 PM (IST)
Updated Date: Mon, 27 Jul 2026 05:10 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਦੀ ਰਹਿਨੁਮਾਈ ਹੇਠ ਸਥਾਨਕ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਲੇਖਕ ਆਤਮਾ ਸਿੰਘ ਪਮਾਰ ਦੀ ਵਾਰਤਕ-ਪੁਸਤਕ ‘ ਦੁਨਿਆਵੀ ਮੰਚ ‘ਤੇ ਵਿਚਰਦੇ ਫ਼ਰਿਸ਼ਤੇ’ ਉਪਰ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਦਰਸ਼ਨ ਸਿੰਘ ਵੱਲੋਂ ਕੀਤੀ ਗਈ। ਸੁਆਗਤ ਕਰਦਿਆਂ ਵਿਭਾਗ ਦੇ ਖ਼ੋਜ ਅਫ਼ਸਰ ਅਤੇ ਕਵੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਨਸਾ ਦੀ ਧਰਤੀ ਲੇਖਕਾਂ, ਅਦਾਕਾਰਾਂ ਅਤੇ ਸੰਘਰਸ਼ੀ ਯੋਧਿਆਂ ਦੀ ਧਰਤੀ ਹੈ ਜਿੱਥੇ ਆਏ ਦਿਨ ਸੰਵਾਦ ਗੋਸ਼ਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਤਮਾ ਸਿੰਘ ਪਮਾਰ ਦੀ ਇਹ ਪੁਸਤਕ ਸਵੈ ਸਿਮਰਤੀਆਂ ਅਤੇ ਸਮਕਾਲੀ ਰਾਜਨੀਤਕ ਸਰੋਕਾਰਾਂ ਦਾ ਸਾਂਝਾ ਪ੍ਰਗਟਾਵਾ ਹੈ। ਇਸ ਮੌਕੇ ਲੇਖਕ ਆਤਮ ਸਿੰਘ ਪਮਾਰ ਨੇ ਆਪਣੀ ਸਿਰਜਣ ਪ੍ਰਕਿਰਿਆ ਸਾਂਝੀ ਕਰਦਿਆਂ ਦੱਸਿਆ ਕਿ ਇਹ ਲੇਖ ਉਨ੍ਹਾਂ ਨੇ ਆਪਣੇ ਅਨੁਭਵਾਂ ਅਤੇ ਤਜੱਰਬਿਆਂ ਨੂੰ ਅਧਾਰ ਬਣਾ ਕੇ ਲਿਖੇ ਹਨ। ਇਸ ਪੁਸਤਕ ‘ਤੇ ਪਰਚਾ ਪੜ੍ਹਦਿਆਂ ਡਾ. ਕੁਲਦੀਪ ਚੌਹਾਨ ਨੇ ਕਿਹਾ ਕਿ ਇਹ ਪੁਸਤਕ ਤਿੰਨੇ ਕਾਲਾਂ ਨਾਲ ਸੰਵਾਦ ਰਚਾਉਂਦੀ ਹੈ। ਇਸ ਕਿਤਾਬ ਚ ਯਾਦਾਂ ਵੀ ਹਨ। ਵਰਤਮਾਨ ਨਾਲ ਸੁਆਲ ਜਵਾਬ ਨੇ ਅਤੇ ਭਵਿੱਖ ਬਾਰੇ ਰਾਜਨੀਤਕ, ਸਮਜਿਕ ਟਿੱਪਣੀਆਂ ਵੀ ਹਨ। ਵਿਚਾਰ ਚਰਚਾ ਚ ਭਾਗ ਲੈਂਦਿਆਂ ਕਹਾਣੀਕਾਰ ਦਰਸ਼ਨ ਜੋਗਾ, ਕਾਵਿ ਵਿਅੰਗ ਲੇਖਕ ਸੁਖਚਰਨ ਸੱਦੇਵਾਲੀਆ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਲੇਖਕ ਲਖਵਿੰਦਰ ਸਿੰਘ ਮੂਸਾ ਨੇ ਕਿਹਾ ਕਿ ਪਮਾਰ ਦੀ ਇਹ ਪੁਸਤਕ ਸਰਲ ਅਤੇ ਸਾਦਾ ਭਾਸ਼ਾ ਚ ਗਹਿਰੇ ਵਿਸ਼ਿਆਂ ਨੂੰ ਪ੍ਰਸਤੁਤ ਕਰਦੀ ਹੈ। ਇਸ ਸਮੇਂ ਦੋਵਾਂ ਸੰਸਥਾਵਾਂ ਵੱਲੋਂ ਲੇਖਕ ਆਤਮਾ ਸਿੰਘ ਪਮਾਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਬਲਮ ਲੀਂਬਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਗੋਸ਼ਟੀ ਚ ਲੇਖਕ ਦੇ ਪੂਰੇ ਪਰਿਵਾਰ ਤੋਂ ਇਲਾਵਾ ਗੁਰਮੇਲ ਕੌਰ ਜੋਸ਼ੀ, ਪ੍ਰੋ. ਬਲਜੀਤ ਕੌਰ, ਰਾਜ ਜੋਸ਼ੀ, ਡਾਕਟਰ ਜਨਕ ਰਾਜ ਸਿੰਗਲਾ, ਹਰਦੀਪ ਸਿੱਧੂ, ਹਰਿੰਦਰ ਮਾਨਸ਼ਾਹੀਆ, ਬਲਰਾਜ ਨੰਗਲ, ਬਿੱਟੂ ਮਾਨਸਾ, ਜ਼ਿਲ੍ਹੇਦਰ ਗੁਰਚਰਨ ਸਿੰਘ, ਵਿਸ਼ਵ ਬਰਾੜ, ਸੁਖਜੀਵਨ ਸਰਾਂ ਅਤੇ ਰਘਵੀਰ ਸਿੰਘ ਰਾਮਗੜ੍ਹੀਆ ਆਦਿ ਵੀ ਮੌਜੂਦ ਸਨ। ਇਸ ਮੌਕੇ ਵਿਕਰੀ ਇੰਚਾਰਜ ਸਰਬਜੀਤ ਸਿੰਘ ਅਤੇ ਓਮ ਪ੍ਰਕਾਸ਼ ਨੇ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਜਿਸ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।