ਦਿਵਿਆਂਗ ਅੱਜ ਡੀਸੀ ਤੇ ਐੱਸਐੱਸਪੀ ਨੂੰ ਦੇਣਗੇ ਮੰਗ-ਪੱਤਰ
ਆਪਣੇ ਮਸਲੇ ਹੱਲ ਨਾ ਹੋਣ ਕਾਰਨ ਅੰਗਹੀਣਾਂ
Publish Date: Sun, 22 Feb 2026 06:12 PM (IST)
Updated Date: Mon, 23 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਆਪਣੇ ਮਸਲੇ ਹੱਲ ਨਾ ਹੋਣ ਕਾਰਨ ਅੰਗਹੀਣਾਂ ਵੱਲੋਂ ਜ਼ਿਲ੍ਹਾ ਕਚਹਿਰੀਆਂ ਨੇੜੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟਾਉਂਦਿਆਂ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਮਾਨਸਾ ਨੂੰ 23 ਫ਼ਰਵਰੀ ਨੂੰ ਮੰਗ ਪੱਤਰ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇੱਥੇ ਦਿਵਿਆਂਗਾਂ ਦੀ ਹੋਈ ਇਕੱਤਰਤਾ ਦੌਰਾਨ ਆਗੂਆਂ ਨੇ ਜਿਲ੍ਹਾ ਪ੍ਰਸਾਸ਼ਨ ਤੋਂ ਅੰਗਹੀਣ ਵਰਗ ਦੀਆਂ ਲੰਬੇ ਸਮੇਂ ਤੋਂ ਲੱਗਦੀਆਂ ਆ ਰਹੀਆਂ ਜਾਇਜ਼ ਮੰਗਾਂ ਹੱਲ ਕਰਵਾਉਣ ਸਬੰਧੀ 24 ਫ਼ਰਵਰੀ ਨੂੰ ਝੁਨੀਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਮੰਤਰੀ ਜਾਂ ਮੁੱਖ ਮੰਤਰੀ ਜ਼ਿਲ੍ਹੇ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਮਿਲਾਉਣ ਲਈ ਜਿਲ੍ਹਾ ਪ੍ਸਾਸ਼ਨ ਵੱਲੋਂ ਟਾਲਮਟੋਲ ਕੀਤੀ ਜਾਂਦੀ ਹੈ। ਪਿਛਲੇ 4 ਸਾਲ ਤੋਂ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ। ਪੜ੍ਹੇ-ਲਿਖੇ ਅੰਗਹੀਣਾਂ ਨੂੰ ਨੌਕਰੀ ਨਾ ਮਿਲਣ ਕਰਕੇ ਪੰਜਾਬ ਸਰਕਾਰ ਤੋਂ ਨਾਰਾਜ਼ ਹਨ। ਉਨ੍ਹਾਂ ਪੈਨਸ਼ਨ ਰਾਸ਼ੀ ਵਿੱਚ ਵਾਧਾ ਕਰਕੇ 5 ਹਜ਼ਾਰ ਰੁਪਏ ਪ੍ਤੀ ਮਹੀਨਾ ਕਰਨ ਤੇ ਖਾਲੀ ਪਈਆਂ ਬੈਕਲਾਗ ਦੀਆਂ ਅਸਾਮੀਆਂ ਭਰਨ ਦੀ ਮੰਗ ਕੀਤੀ ਹੈ। ਇਸ ਲਈ ਉਹ ਜ਼ਿਲ੍ਹਾ ਪ੍ਸਾਸ਼ਨ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨੂੰ ਆਪਣੇ ਦੁੱਖਾਂ ਦੇ ਹੱਲ ਲਈ ਮੰਗ ਪੱਤਰ ਦੇਣ ਲਈ ਮਿਲਾ ਦੇਣ। ਉਨ੍ਹਾਂ ਕਿਹਾ ਕਿ ਦਿਵਿਆਂਗ ਦੀ ਆਰਥਿਕ ਸਥਿਤੀ ਤੇ ਦਰਪੇਸ਼ ਚੁਣੌਤੀਆਂ ਕਾਰਨ ਦੁਸਵਾਰੀਆਂ ਭਰਿਆ ਜੀਵਨ ਬਤੀਤ ਕਰ ਰਹੇ ਹਨ ਅਤੇ ਜੇਕਰ ਇਸੇ ਤਰ੍ਹਾਂ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਤਾਂ ਭਵਿੱਖ ’ਚ ਦਿਵਿਆਂਗਾਂ ਨੂੰ ਹੋਰ ਵੀ ਗੰਭੀਰ ਸੰਕਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਇਸ ਵਾਰ ਬਜਟ ਸ਼ੈਸ਼ਨ ਵਿੱਚ ਉਨ੍ਹਾਂ ਦੀਆਂ ਜਾਇਜ਼ ਮੰਗਾਂ ਹੱਲ ਨਾ ਹੋਈਆਂ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।