- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਜ਼ਿਲ੍ਹਾ ਅਤੇ ਸਥਾਨਕ ਪ੍ਰਸ਼ਾਸਨ ਨੂੰ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ
ਸ਼ਹੀਦ ਠੀਕਰੀਵਾਲਾ ਦੇ ਬੁੱਤ ਅੱਗੇ ‘ਆਪ’ ਵੱਲੋਂ ਆਪਣਾ ਪ੍ਰਚਾਰ ਕਰਨ ਲਈ ਲਗਾਏ ਬੋਰਡਾਂ ਨੂੰ ਲੈ ਕੇ ਸੀਪੀਆਈ ਆਗੂ ਅਤੇ ਹੋਰਨਾਂ ਵੱਲੋਂ ਰੋਸ ਜਤਾਇਆ ਗਿਆ। ਸੀਪੀਆਈ (ਐਮਐਲ) ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਰਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਅਤੇ ਸਥਾਨਕ ਪ੍ਰਸ਼ਾਸਨ ਨੂੰ ਕਈ ਵਾਰ ਚੇਤਾਵਨੀ ਦਿੱਤੀ ਹੈ ਕਿ ਉਹ ਮਹਾਨ ਦੇਸ਼ਭਗਤ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਦੀ ਬੇਅਦਬੀ ਨੂੰ ਰੋਕਣ ਅਤੇ ਇਸ ਚੌਂਕ ਦੀ ਸਫ਼ਾਈ ਤੇ ਸੰਭਾਲ ਦਾ ਪੱਕਾ ਪ੍ਰਬੰਧ ਕਰੇ, ਪਰ ਪ੍ਰਸ਼ਾਸਨ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ। ਅੱਜ ਸਤਾਧਾਰੀ ਆਪ ਪਾਰਟੀ ਦੇ ਸਥਾਨਕ ਲੀਡਰਾਂ ਵਲੋਂ ਆਪਣੀਆਂ ਤਸਵੀਰਾਂ ਵਾਲੇ ਵੱਡੇ ਪ੍ਰਚਾਰ ਬੋਰਡਾਂ ਨਾਲ ਸ਼ਹੀਦ ਦੇ ਬੁੱਤ ਨੂੰ ਢੱਕ ਦੇਣ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਦਿਆਂ ਨੇ ਕਹੀ। ਲਿਬਰੇਸ਼ਨ ਦੀ ਮਾਨਸਾ ਸ਼ਹਿਰੀ ਕਮੇਟੀ ਦੀ ਸਕੱਤਰ ਕਾਮਰੇਡ ਜਸਬੀਰ ਕੌਰ ਨੱਤ ਵਲੋਂ ਦੱਸਿਆ ਗਿਆ ਹੈ ਕਿ ਕੱਲ੍ਹ ਨੂੰ ਫਫੜੇ ਭਾਈ ਕੇ ਆ ਰਹੇ ਮੁੱਖ ਮੰਤਰੀ ਮਾਨ ਨੂੰ 'ਜੀ ਆਇਆਂ' ਦੇ ਬੈਨਰ ਲਗਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਨਾਲਾਇਕੀ ਦਾ ਆਲਮ ਹੈ ਕਿ ਸ਼ਹੀਦ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਸ਼ਹਿਰ ਦੇ ਸੁਤੰਤਰਤਾ ਸੰਗਰਾਮੀਆਂ ਦੇ ਉੱਦਮ ਨਾਲ ਸਥਾਪਿਤ ਹੋਏ ਬੁੱਤ ਦੇ ਦੁਆਲੇ ਬਣੇ ਚੌਂਕ ਦੀਆਂ ਰੰਗਦਾਰ ਲਾਈਟਾਂ ਅਤੇ ਫੁਹਾਰੇ ਬੜੇ ਅਰਸੇ ਤੋਂ ਬੰਦ ਪਏ ਹਨ। ਉਨ੍ਹਾਂ ਨੂੰ ਚਲਾਉਣ, ਚੌਂਕ ਦੀ ਰੋਜ਼ਾਨਾ ਸਫ਼ਾਈ ਕਰਨ, ਗਰਿੱਲਾਂ ਨੂੰ ਰੰਗ ਰੋਗਨ ਕਰਨ ਜਾਂ ਫੁੱਲ ਬੂਟੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਵੱਲ ਨਾ ਨਗਰ ਕੌਂਸਲ ਦਾ ਕੋਈ ਧਿਆਨ ਹੈ ਅਤੇ ਨਾ ਸਥਾਨਕ ਐਸਡੀਐਮ ਜਾਂ ਡਿਪਟੀ ਕਮਿਸ਼ਨਰ ਦਾ। ਉਲਟਾ ਮੁੱਖ ਰੋਡ ਤੋਂ ਆਉਂਦੀ ਸੜਕ ਦੇ ਬਿਲਕੁਲ ਸਾਹਮਣੇ ਟ੍ਰੈਫ਼ਿਕ ਪੁਲਿਸ ਦਾ ਇਕ ਬੂਥ ਉਸਾਰ ਦਿੱਤਾ ਗਿਆ ਹੈ, ਜਿਸ ਨੇ ਉਸ ਪਾਸੇ ਤੋਂ ਸ਼ਹੀਦ ਦੇ ਬੁੱਤ ਨੂੰ ਪੂਰੀ ਤਰ੍ਹਾਂ ਲੁਕਾ ਰਖਿਆ ਹੈ। ਇਸ ਬੂਥ ਨੂੰ ਇਥੋਂ ਹਟਾਉਣ ਦੀ ਗੱਲ ਜਨਤਾ ਵਲੋਂ ਵਾਰ ਵਾਰ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਦੇ ਧਿਆਨ ਵਿਚ ਲਿਆਂਦੀ ਗਈ ਹੈ, ਪਰ ਹਾਲੇ ਤੱਕ ਹੋਇਆ ਕੁਝ ਨਹੀਂ। ਉਨ੍ਹਾਂ ਮੰਗ ਕੀਤੀ ਕਿ ਜੇਕਰ ਪ੍ਰਸ਼ਾਸਨ ਨੇ ਸ਼ਹੀਦ ਦੇ ਬੁੱਤ ਨੂੰ ਢੱਕ ਰਹੇ ਬੈਨਰਾਂ ਨੂੰ ਨਾ ਹਟਾਇਆ ਤਾਂ ਇਹ ਕੰਮ ਸੁਤੰਤਰਤਾ ਸੰਗਰਾਮੀਆਂ ਦੇ ਵਾਰਿਸ ਅਤੇ ਲਿਬਰੇਸ਼ਨ ਵਰਕਰ ਖੁਦ ਕਰਨ ਲਈ ਮਜਬੂਰ ਹੋਣਗੇ। ਰੋਸ ਪ੍ਰਦਰਸ਼ਨ ਵਿੱਚ ਕਾਮਰੇਡ ਗੁਰਸੇਵਕ ਮਾਨ, ਬਲਵਿੰਦਰ ਚਾਹਲ, ਹੈਪੀ ਘਰਾਂਗਣਾ, ਗੁਰਪ੍ਰੀਤ ਸਿੰਘ ਦੂਲੋਵਾਲ, ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਮੰਗਾ ਸਿੰਘ ਤੇ ਨਿਰਮਲ ਸਿੰਘ ਸਮੇਤ ਹੋਰ ਵਰਕਰ ਸ਼ਾਮਲ ਸਨ।