ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਲਈ ਪ੍ਰਬੰਧ ਕਰੇ ਅਧਿਕਾਰੀ : ਡੀਸੀ
ਸੜਕਾਂ ’ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਮੁੱਦਿਆਂ
Publish Date: Mon, 16 Feb 2026 07:36 PM (IST)
Updated Date: Tue, 17 Feb 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੜਕਾਂ ’ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਨ ਲਈ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ, ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਲਈ ਵੀ ਢੁੱਕਵੇਂ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ। ਸੜਕਾਂ ’ਤੇ ਦੁਰਘਟਨਾਵਾਂ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਇਸ ਲਈ ਸੜਕੀ ਸੁਰੱਖਿਆ ਇਕ ਅਹਿਮ ਮੁੱਦਾ ਹੈ ਅਤੇ ਸਾਨੂੰ ਸਭ ਨੂੰ ਇਸ ਸਬੰਧੀ ਸੁਚੇਤ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ। ਸੜਕਾਂ ’ਤੇ ਜ਼ੈਬਰਾ ਕ੍ਰਾਸਿੰਗ ਵੀ ਬਣਾਈ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸੜਕ ਕੰਢੇ ਅਣਚਾਹੇ ਬਨਸਪਤੀ ਵਾਧੇ ਦੀ ਸਫ਼ਾਈ ਕਰਵਾਉਣੀ ਯਕੀਨੀ ਬਣਾਈ ਜਾਵੇ। ਸਕੂਲੀ ਬੱਸਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ ਤੇ ਐਕਟ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦਾ ਚਲਾਨ ਕੀਤਾ ਜਾਵੇ। ਡੀਸੀ ਨੇ ਕਿਹਾ ਕਿ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਬਲੈਕ ਸਪੋਟ ਏਰੀਏ ’ਚ ਰਿਫ਼ਲੈਕਟਰ ਲਗਾਏ ਜਾਣ। ਹੋਰ ਲੁੜੀਂਦੇ ਉਪਰਾਲੇ ਕੀਤੇ ਜਾਣ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਸੜਕਾਂ ਦੇ ਆਵਾਜਾਈ ਨਿਯਮਾਂ ਅਤੇ ਸਕੂਲਾਂ ਦੇ ਆਸ-ਪਾਸ ਸਾਈਨ ਬੋਰਡ ਲਗਾਉਣ ਲਈ ਵੀ ਅਧਿਕਾਰੀਆਂ ਨੂੰ ਹਦਾਇਤ ਕੀਤੀ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਸੜਕਾਂ ’ਤੇ ਝੁਕੇ ਹੋਏ ਦਰੱਖਤਾਂ ਨੂੰ ਛਾਂਗਣ, ਟ੍ਰੈਫ਼ਿਕ ਲਾਈਟਾਂ, ਸਪੀਡ ਬ੍ਰੇਕਰ ਆਦਿ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਸੜਕੀ ਹਾਦਸਿਆਂ ਲਈ ਜ਼ਿੰਮੇਵਾਰ ਕਾਰਨਾਂ ਨੂੰ ਦੂਰ ਕਰਨ ਤੇ ਸੜਕੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਐੱਸਡੀਐੱਮ ਮਾਨਸਾ ਕਾਲਾ ਰਾਮ ਕਾਂਸਲ, ਐੱਸਡੀਐੱਮ ਬੁਢਲਾਡਾ ਗਗਨਦੀਪ ਸਿੰਘ, ਸਹਾਇਕ ਕਮਿਸ਼ਨਰ ਹਰਜਿੰਦਰ ਸਿੰਘ ਜੱਸਲ, ਡੀਐਸਪੀ ਪੁਸ਼ਪਿੰਦਰ ਸਿੰਘ ਗਿੱਲ ਤੋਂ ਇਲਾਵਾ ਹੋਰ ਵਿਭਾਗੀ ਅਧਿਕਾਰੀ ਮੌਜੂਦ ਸਨ।