ਚਕੇਰੀਆ ਰੋਡ ਤੋਂ ਵਾਟਰ ਵਰਕਸ - ਸਿਰਸਾ ਰੋਡ ਨੂੰ ਜੋੜਦੀ ਸੜਕ ’ਤੇ ਲੰਬੇ ਸਮੇਂ ਤੋਂ ਬੰਦ ਪਿਆ ਰੇਲਵੇ ਫ਼ਾਟਕ ਚਾਲੂ ਕਰਨ ਦੀ ਮੰਗ ਸ਼ਹਿਰ ਦੇ ਬਾਹਰੋਂ ਨਹਿਰ ਦੇ ਨਾਲ-ਨਾਲ
Publish Date: Tue, 25 Aug 2026 05:08 PM (IST)
Updated Date: Tue, 25 Aug 2026 05:09 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣਮਾਨਸਾ ਸ਼ਹਿਰ ਦੇ ਬਾਹਰੋਂ ਨਹਿਰ ਦੇ ਨਾਲ-ਨਾਲ ਚਕੇਰੀਆ ਰੋਡ ਤੋਂ ਵਾਟਰ ਵਰਕਸ ਤੇ ਸਿਰਸਾ ਰੋਡ ਨੂੰ ਜੋੜਨ ਵਾਲੀ ਲਿੰਕ ਸੜਕ ’ਤੇ ਰੇਲਵੇ ਵਿਭਾਗ ਵੱਲੋਂ ਕਰੀਬ ਇਕ ਸਾਲ ਪਹਿਲਾਂ ਰੇਲਵੇ ਅੰਡਰ ਬ੍ਰਿਜ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਨਹਿਰ ਟੁੱਟਣ ਕਾਰਨ ਇਹ ਕੰਮ ਅੱਧ ਵਿਚਕਾਰ ਹੀ ਰੁਕਿਆ ਪਿਆ ਹੈ। ਇਸ ਕਾਰਨ ਰੇਲਵੇ ਫ਼ਾਟਕ ਦੇ ਦੋਵੇਂ ਪਾਸੇ ਡੂੰਘੇ ਟੋਏ ਪੁੱਟੇ ਹੋਏ ਹਨ ਤੇ ਵੱਡੇ ਵੱਡੇ ਗਾਡਰ ਹੇਠਾਂ ਗੱਡੇ ਹੋਏ ਹਨ ਤੇ ਰੇਲਵੇ ਵਿਭਾਗ ਵੱਲੋਂ ਫ਼ਾਟਕ ਵੀ ਬੰਦ ਕੀਤਾ ਹੋਇਆ ਹੈ। ਇਸ ਸੜਕ ਦੇ ਬੰਦ ਹੋਣ ਕਾਰਨ ਚਕੇਰੀਆ ਤੋਂ ਇਲਾਵਾ ਬੁਢਲਾਡਾ, ਭਿੱਖੀ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਮਾਨਸਾ ਸ਼ਹਿਰ ਤੇ ਖਾਸ ਕਰਕੇ ਸਕੂਲਾਂ ਬੈਂਕਾਂ ਤੇ ਹਸਪਤਾਲਾਂ ਵਿਚ ਪਹੁੰਚਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸ਼ਹਿਰ ਦੇ ਬਹੁਤੇ ਮੁੱਖ ਹਸਪਤਾਲ, ਬੈਂਕ ਤੇ ਸਕੂਲ ਵਾਟਰ ਵਰਕਸ ਰੋਡ ’ਤੇ ਸਥਿਤ ਹਨ। ਇਸ ਦੇ ਨਾਲ ਹੀ ਸ਼ਹਿਰ ਦੀ ਮੁੱਖ ਸੜਕਾਂ ’ਤੇ ਆਵਾਜਾਈ ਦਾ ਦਬਾਅ ਵਧਣ ਕਾਰਨ ਜਾਮ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ। ਇਸ ਇਲਾਕੇ ਵਿਚ ਰਹਿ ਰਹੇ ਲੋਕ ਤੇ ਇੱਥੇ ਸਥਿਤ ਸ਼ੈਲਰ ਉਦਯੋਗ ਦੇ ਲੋਕਾਂ ਦੀਆਂ ਸਮੱਸਿਆਵਾਂ ਘਟਣ ਦਾ ਨਾਮ ਹੀ ਨਹੀਂ ਲੈ ਰਹੀਆਂ। ਵੁਆਇਸ ਆਫ ਮਾਨਸਾ ਦੇ ਮੈਂਬਰਾਂ ਵੱਲੋਂ ਮੌਕੇ ਦਾ ਦੌਰਾ ਕਰਨ ਉਪਰੰਤ ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਰੇਲਵੇ ਵਿਭਾਗ ਅਤੇ ਠੇਕੇਦਾਰ ਦੀ ਯੋਜਨਾਬੰਦੀ ਵਿੱਚ ਕਮੀ ਕਾਰਨ ਅੰਡਰ ਬ੍ਰਿਜ ਦਾ ਕੰਮ ਲੰਬੇ ਸਮੇਂ ਤੋਂ ਰੁਕਿਆ ਹੋਇਆ ਹੈ, ਪਰ ਇਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲ ਦਾ ਕੰਮ ਤੁਰੰਤ ਮੁੜ ਸ਼ੁਰੂ ਨਹੀਂ ਕੀਤਾ ਜਾ ਸਕਦਾ ਤਾਂ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਰੇਲਵੇ ਫਾਟਕ ਵਾਲੀ ਸੜਕ ’ਤੇ ਆਵਾਜਾਈ ਪਹਿਲ ਦੇ ਆਧਾਰ ’ਤੇ ਚਾਲੂ ਕੀਤੀ ਜਾਵੇ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਨਹਿਰੀ ਵਿਭਾਗ ਅਤੇ ਰੇਲਵੇ ਵਿਭਾਗ ਨੂੰ ਆਪਸੀ ਤਾਲਮੇਲ ਨਾਲ ਅੰਡਰ ਬ੍ਰਿਜ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੰਮ ਮੁਕੰਮਲ ਨਹੀਂ ਹੁੰਦਾ, ਉਦੋਂ ਤੱਕ ਸੜਕੀ ਆਵਾਜਾਈ ਬਹਾਲ ਕਰਨ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਸੰਸਥਾ ਦੇ ਮੈਂਬਰ ਰੁਲਦੂ ਰਾਮ ਨੰਦਗੜ੍ਹ, ਦਰਸ਼ਨਪਾਲ ਗਰਗ, ਲਖਵਿੰਦਰ ਸਿੰਘ ਮੂਸਾ, ਵਿਸ਼ਵਦੀਪ ਬਰਾੜ ਸੰਭੂ ਨਾਥ ਐਸ ਡੀ ੳ.,ਕਰਮ ਚੰਦ,ਜੀਵਨ ਬਾਂਸਲ ਅਤੇ ਹਰਜੀਵਨ ਸਰਾਂ ਸਮੇਤ ਮੌਕੇ ’ਤੇ ਮੌਜੂਦ ਸ਼ਹਿਰ ਵਾਸੀਆਂ ਨੇ ਕਿਹਾ ਕਿ ਲੋਕਾਂ ਦੀ ਆਵਾਜਾਈ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਵੁਆਇਸ ਆਫ ਮਾਨਸਾ ਵੱਲੋਂ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਇਸ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਵਫ਼ਦ ਦੇ ਰੂਪ ਵਿੱਚ ਸਟੇਸ਼ਨ ਸੁਪਰਡੈਂਟ ਮੀਣਾ ਨਾਲ ਮੁਲਾਕਾਤ ਕਰਕੇ ਸਮੱਸਿਆ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਅਤੇ ਜਲਦ ਹੱਲ ਕਰਵਾਉਣ ਦੀ ਮੰਗ ਕੀਤੀ। ਸਟੇਸ਼ਨ ਸੁਪਰਡੈਂਟ ਵੱਲੋਂ ਸੰਸਥਾ ਨੂੰ 25 ਦਿਨਾਂ ਦੇ ਅੰਦਰ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆ, ਬਲਵਿੰਦਰ ਕਾਕਾ ਅਤੇ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਪਣੇ ਸਾਥੀਆਂ ਸਮੇਤ ਅਤੇ ਪ੍ਰਭਾਵਿਤ ਲੋਕਾਂ ਨਾਲ ਧਰਨੇ ਅਤੇ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਇਸ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ।